post

Jasbeer Singh

(Chief Editor)

Sports

ਐੱਫਆਈਐੱਚ ਪ੍ਰੋ-ਲੀਗ: ਬਰਤਾਨੀਆ ਕੋਲੋਂ 3-2 ਨਾਲ ਹਾਰੀ ਭਾਰਤੀ ਮਹਿਲਾ ਟੀਮ

post-img

ਭਾਰਤ ਦੀ ਮਹਿਲਾ ਹਾਕੀ ਟੀਮ ਐੱਫਆਈਐੱਚ ਪ੍ਰੋ-ਲੀਗ ਵਿਚ ਅੱਜ ਫਸਵੇਂ ਮੁਕਾਬਲੇ ਵਿਚ ਗ੍ਰੇਟ ਬ੍ਰਿਟੇਨ ਕੋਲੋਂ 3-2 ਨਾਲ ਹਾਰ ਗਈ। ਭਾਰਤ ਨੇ ਦੂਜੇ ਅੱਧ ਵਿਚ ਨਵਨੀਤ ਕੌਰ (34ਵੇਂ ਮਿੰਟ) ਤੇ ਸ਼ਰਮੀਲਾ (56ਵੇਂ ਮਿੰਟ) ਦੇ ਦੋ ਗੋਲਾਂ ਨਾਲ ਜ਼ੋਰਦਾਰ ਵਾਪਸੀ ਕੀਤੀ ਤੇ ਇਕ ਵਾਰੀ ਸਕੋਰ ਲਾਈਨ 2-2 ਨਾਲ ਬਰਾਬਰ ਕਰ ਦਿੱਤੀ। ਮੇਜ਼ਬਾਨ ਬ੍ਰਿਟੇਨ ਦੀ ਟੀਮ ਨੇ ਹਾਲਾਂਕਿ ਮੈਚ ਦੇ 57ਵੇਂ ਮਿੰਟ ਵਿਚ ਗੋਲ ਕਰਕੇ 3-2 ਦੇ ਸਕੋਰ ਨਾਲ ਭਾਰਤ ਨੂੰ ਹਰਾ ਦਿੱਤਾ। ਇਸ ਤੋਂ ਪਹਿਲਾਂ ਵਾਟਸਨ ਸ਼ਾਰਲੈੱਟ ਨੇ ਪਹਿਲੇ ਕੁਆਰਟਰ ਵਿਚ ਦੋ ਮਿੰਟਾਂ ਅੰਦਰ 2 ਗੋਲ ਕਰਕੇ ਟੀਮ ਨੂੰ 2-0 ਦੀ ਲੀਡ ਦਿਵਾਈ, ਜਿਸ ਨੂੰ ਭਾਰਤੀ ਮਹਿਲਾ ਟੀਮ ਪਹਿਲੇ ਅੱਧ ਦੀ ਸਮਾਪਤੀ ਤੱਕ ਤੋੜਨ ਵਿਚ ਨਾਕਾਮ ਰਹੀ। ਸ਼ਾਰਲੈੱਟ ਨੇ ਪਹਿਲਾ ਗੋਲ ਪੰਜਵੇਂ ਮਿੰਟ ਵਿਚ ਪੈਨਲਟੀ ਸਟਰੋਕ ’ਤੇ ਜਦੋਂਕਿ ਅਗਲੇ ਮਿੰਟ ਵਿਚ ਮੈਦਾਨੀ ਗੋਲ ਕਰਕੇ ਟੀਮ ਨੂੰ ਬੜਤ ਦਿਵਾਈ। ਦੂਜੇ ਕੁਆਰਟਰ ਵਿਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਨਵਨੀਤ ਕੌਰ ਨੇ ਤੀਜੇ ਕੁਆਰਟਰ ਵਿਚ 34ਵੇਂ ਮਿੰਟ ਵਿਚ ਫੀਲਡ ਗੋਲ ਕੀਤਾ। ਸ਼ਰਮੀਲਾ ਨੇ 56ਵੇਂ ਮਿੰਟ ਵਿਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਕ ਵਾਰ ਇੰਜ ਲੱਗ ਰਿਹਾ ਸੀ ਕਿ ਮੈਚ ਡਰਾਅ ਵੱਲ ਵਧ ਰਿਹਾ ਹੈ, ਪਰ ਅਗਲੇ ਹੀ ਮਿੰਟ (57ਵੇਂ) ਵਿਚ ਪੀਟਰ ਇਸਾਬੇਲੇ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕਰਕੇ ਭਾਰਤੀ ਪ੍ਰਸ਼ੰਸਕਾਂ ਦੇ ਦਿਲ ਤੋੜ ਦਿੱਤੇ। ਭਾਰਤ ਨੂੰ ਪੂਰੇ ਮੈਚ ਦੌਰਾਨ ਪੰਜ ਪੈਨਲਟੀ ਕਾਰਨਰ ਮਿਲੇ, ਪਰ ਉਹ ਇਨ੍ਹਾਂ ਨੂੰ ਗੋਲ ਵਿਚ ਤਬਦੀਲ ਕਰਨ ’ਚ ਨਾਕਾਮ ਰਿਹਾ। ਭਾਰਤੀ ਮਹਿਲਾ ਹਾਕੀ ਟੀਮ ਲਈ ਯੂਰੋਪ ਦਾ ਟੂਰ ਹੁਣ ਤੱਕ ਨਿਰਾਸ਼ਾਜਨਕ ਰਿਹਾ ਹੈ। ਐਤਵਾਰ ਨੂੰ ਮਿਲੀ ਹਾਰ ਇਸ ਟੂਰ ਦੀ 6ਵੀਂ ਸ਼ਿਕਸਤ ਹੈ। ਭਾਰਤੀ ਟੀਮ ਆਪਣਾ ਅਗਲਾ ਮੈਚ 8 ਜੂਨ ਨੂੰ ਜਰਮਨੀ ਖਿਲਾਫ਼ ਖੇਡੇਗੀ।

Related Post