post

Jasbeer Singh

(Chief Editor)

Patiala News

ਸਰਕਾਰੀ ਸਕੂਲਾਂ ਦੀ ਸੈਸ਼ਨ 2025-26 ਦੀ ਪਹਿਲੀ ਮਾਪੇ-ਅਧਿਆਪਕ ਮਿਲਣੀ ਹੋਈ

post-img

ਸਰਕਾਰੀ ਸਕੂਲਾਂ ਦੀ ਸੈਸ਼ਨ 2025-26 ਦੀ ਪਹਿਲੀ ਮਾਪੇ-ਅਧਿਆਪਕ ਮਿਲਣੀ ਹੋਈ -ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਮਾਪੇ-ਅਧਿਆਪਕ ਮਿਲਣੀ ਦੌਰਾਨ ਵਣ ਮਹਾਂਉਤਸਵ ਮਨਾਇਆ -ਵਣ ਮਹਾਂਉਤਸਵ, ਕੱਪੜੇ ਦੇ ਥੈਲਿਆਂ ਦੀ ਵੰਡ, ਸਿਰਜਣਾਤਮਕ ਕਾਰਜਾਂ ਲਈ ਹਦਾਇਤਾਂ, ਮਿਹਨਤੀ ਬੱਚਿਆਂ ਦਾ ਕੀਤਾ ਸਨਮਾਨ ਪਟਿਆਲਾ, 31 ਮਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ, ਸਕੱਤਰ ਸਕੂਲ ਸਿੱਖਿਆ ਪੰਜਾਬ ਅਨਿੰਦਿਤਾ ਮਿੱਤਰਾ ਵੱਲੋਂ ਦਿੱਤੇ ਉਤਸ਼ਾਹ ਦੇ ਚਲਦਿਆਂ ਜ਼ਿਲ੍ਹਾ ਪਟਿਆਲਾ ਦੇ ਸਕੂਲ ਆਫ਼ ਐਮੀਨੈਂਸ, ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਵਿੱਚ ਨਵੇਂ ਸੈਸ਼ਨ 2025-26 ਦੀ ਪਹਿਲੀ ਮਾਪੇ-ਅਧਿਆਪਕ ਮਿਲਣੀ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਪਟਿਆਲਾ ਸੰਜੀਵ ਸ਼ਰਮਾ ਨੇ ਦੱਸਿਆ ਕਿ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ, ਰਵੱਈਏ ਅਤੇ ਹੋਰ ਗਤੀਵਿਧੀਆਂ ਦੀ ਜਾਣਕਾਰੀ ਲੈਣ ਲਈ ਬੜੇ ਉਤਸ਼ਾਹ ਨਾਲ ਸਕੂਲਾਂ ਵਿੱਚ ਪਹੁੰਚੇ। ਇਸ ਮੌਕੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦਿੱਤੇ ਗਏ ਹੋਮ-ਵਰਕ, ਪ੍ਰੋਜੈਕਟ ਅਤੇ ਸਿਰਜਣਾਤਮਕ ਕਾਰਜਾਂ ਦੀ ਜਾਣਕਾਰੀ ਅਧਿਆਪਕਾਂ ਵੱਲੋਂ ਦਿੱਤੀ ਗਈ। ਉਨ੍ਹਾਂ ਨੇ ਬੱਚਿਆਂ ਨੂੰ ਲੂ ਤੋਂ ਬਚਾਅ ਲਈ ਵਰਤੇ ਜਾਣ ਵਾਲੇ ਸਾਵਧਾਨੀਆਂ ਅਤੇ ਘਰੇਲੂ ਉਪਚਾਰਾਂ ਬਾਰੇ ਵੀ ਜਾਗਰੂਕ ਕੀਤਾ। ਸਕੂਲ ਕੈਂਪਸ ਵਿੱਚ ਵਣ ਮਹਾਂਉਤਸਵ ਦੇ ਤਹਿਤ ਸਕੂਲ ਮੁਖੀਆਂ, ਅਧਿਆਪਕਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਮਾਪਿਆਂ ਨੇ ਮਿਲ ਕੇ ਮੈਡੀਸਨਲ ਗੁਣਾਂ ਵਾਲੇ ਪੌਦੇ ਲਗਾਏ। ਇਸ ਦੌਰਾਨ ਵਾਤਾਵਰਨ ਸੰਭਾਲ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਘਟਾਉਣ ਸੰਬੰਧੀ ਜਾਗਰੂਕਤਾ ਫੈਲਾਈ ਗਈ। ਸਕੂਲਾਂ ਵੱਲੋਂ ਖ਼ਾਸ ਤੌਰ 'ਤੇ ਤਿਆਰ ਕੀਤੇ ਗਏ ਕੱਪੜੇ ਦੇ ਥੈਲੇ ਮਾਪਿਆਂ ਵਿਚ ਵੰਡੇ ਗਏ, ਜੋ ਇੱਕ ਵਧੀਆ ਵਾਤਾਵਰਨਿਕ ਉੱਦਮ ਸਾਬਤ ਹੋਇਆ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਡਾ. ਰਵਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਬਹੁਤ ਸਾਰੇ ਸਕੂਲਾਂ ਵਿੱਚ ਮਿਡ-ਡੇ ਮੀਲ ਇੰਚਾਰਜਾਂ ਦੀ ਦੇਖ-ਰੇਖ ਹੇਠ ਕਿਚਨ ਗਾਰਡਨ ਵੀ ਤਿਆਰ ਕੀਤੇ ਗਏ ਹਨ, ਜੋ ਬੱਚਿਆਂ ਵਿੱਚ ਖੇਤੀ ਅਤੇ ਪ੍ਰਾਕ੍ਰਿਤਕ ਜੀਵਨ ਲਈ ਰੁਚੀ ਵਧਾਉਣ ਦੀ ਦਿਸ਼ਾ ਵਿੱਚ ਇਕ ਚੰਗਾ ਕਦਮ ਹੈ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਮਾਪੇ-ਅਧਿਆਪਕ ਮਿਲਣੀ ਨੂੰ ਵਾਤਾਵਰਨ ਉਤਸਵ ਦੇ ਰੂਪ ਵਿੱਚ ਮਨਾਇਆ ਗਿਆ। ਮਾਪਿਆਂ ਵੱਲੋਂ ਵਿਦਿਆਰਥੀਆਂ ਦੀ ਵਿਅਕਤੀਗਤ ਵਿਕਾਸ, ਵਾਤਾਵਰਨ ਸੰਭਾਲ ਅਤੇ ਸਿਰਜਣਾਤਮਕ ਉਤਸ਼ਾਹ ਲਈ ਕੀਤੇ ਜਾ ਰਹੇ ਉੱਦਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਅਕਾਦਮਿਕ ਜਾਂ ਸਹਿ-ਵਿੱਦਿਅਕ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕੀਤਾ।

Related Post