ਤਾਹਿਰ ਹੁਸੈਨ ਸਣੇ ਪੰਜ ਵਿਅਕਤੀ ਆਈ. ਬੀ. ਅਧਿਕਾਰੀ ਕਤਲ ਮਾਮਲੇ ਵਿਚ ਦੋਸ਼ੀ ਕਰਾਰ
- by Admin
- July 14, 2026
ਤਾਹਿਰ ਹੁਸੈਨ ਸਣੇ ਪੰਜ ਵਿਅਕਤੀ ਆਈ. ਬੀ. ਅਧਿਕਾਰੀ ਕਤਲ ਮਾਮਲੇ ਵਿਚ ਦੋਸ਼ੀ ਕਰਾਰ
ਨਵੀਂ ਦਿੱਲੀ, 14 ਜੁਲਾਈ 2026 : ਰਾਜਧਾਨੀ ਦਿੱਲੀ (Delhi) ਵਿਖੇ ਬਣੀ ਕੜਕੜਡੂਮਾ ਅਦਾਲਤ ਨੇ ਆਈ. ਬੀ. ਅੰਕਿਤ ਸ਼ਰਮਾ ਕਤਲ ਮਾਮਲੇ ਵਿਚ ਤਾਹਿਰ ਹੁਸੈਨ ਸਮੇਤ ਪੰਜ ਨੂੰ ਦੋਸ਼ੀ ਕਰਾਰ (Convicted) ਦਿੱਤਾ ਗਿਆ ਹੈ ।
ਕਦੋਂ ਵਾਪਰਿਆ ਸੀ ਘਟਨਾਕ੍ਰਮ
ਮਿਲੀ ਜਾਣਕਾਰੀ ਅਨੁਸਾਰ ਆਈ. ਬੀ. ਅਧਿਕਾਰੀ ਅੰਕਿਤ ਸ਼ਰਮਾ ਦਾ ਕਤਲ ਸਾਲ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਦੌਰਾਨ ਕਰ ਦਿੱਤਾ ਗਿਆ ਸੀ ਤੇ ਇਸ ਬਹੁ-ਚਰਚਿਤ ਮਾਮਲੇ ਵਿੱਚ ਕੜਕੜਡੂਮਾ ਅਦਾਲਤ (Karkardooma Court) ਦੇ ਵਧੀਕ ਸੈਸ਼ਨ ਜੱਜ ਪ੍ਰਵੀਨ ਕੁਮਾਰ ਸਿੰਘ ਨੇ ਸੋਮਵਾਰ ਨੂੰ ਫੈਸਲਾ ਸੁਣਾਉਂਦੇ ਹੋਏ ਸਾਬਕਾ `ਆਪ` ਕੌਂਸਲਰ ਤਾਹਿਰ ਹੁਸੈਨ ਸਮੇਤ ਪੰਜ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ, ਜਦੋਂ ਕਿ ਛੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ।
ਕੌਣ ਕੌਣ ਹਨ ਜੋ ਦੋਸ਼ੀ ਠਹਿਰਾਏ ਗਏ ਹਨ ਤੇ ਜੋ ਬਰੀ ਕਰ ਦਿੱਤੇ ਗਏ
ਕੜਕੜਡੂੰਮਾ ਅਦਾਲਤ ਵਲੋਂ ਕਤਲ ਮਾਮਲੇ ਵਿਚ ਜਿਨ੍ਹਾਂ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਦੇ ਵਿੱਚ ਤਾਹਿਰ ਹੁਸੈਨ, ਨਾਜਿ਼ਮ, ਕਾਸਿਮ, ਜਾਵੇਦ ਅਤੇ ਅਨਸ ਸ਼ਾਮਲ ਹਨ, ਉੱਥੇ ਹੀ ਹਸੀਨ ਉਰਫ਼ ਮੁੱਲਾਜੀ ਉਰਫ਼ ਸਲਮਾਨ, ਸਮੀਰ ਖ਼ਾਨ, ਫਿਰੋਜ਼, ਗੁਲਫ਼ਾਮ, ਸ਼ੋਏਬ ਆਲਮ ਉਰਫ਼ ਬੌਬੀ ਅਤੇ ਮੁਨਤਜ਼ਿਮ ਉਰਫ਼ ਮੂਸਾ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ । ਦੱਸਣਯੋਗ ਹੈ ਕਿ ਅਦਾਲਤ ਵਲੋਂ ਜਿਨ੍ਹਾਂ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਦੀ ਸਜ਼ਾ `ਤੇ ਅਦਾਲਤ ਵਲੋਂ ਵੱਖਰੇ ਤੌਰ `ਤੇ ਸੁਣਵਾਈ ਕੀਤੀ ਜਾਵੇਗੀ ।
ਕਿਸ ਕਿਸ ਅਪਰਾਧ ਤਹਿਤ ਤਾਹਿਰ ਨੂੰ ਠਹਿਰਾਇਆ ਗਿਆ ਹੈ ਦੋਸ਼ੀ
ਅਦਾਲਤ ਨੇ ਤਾਹਿਰ ਹੁਸੈਨ (Tahir Hussain) ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ, ਫਿਰਕੂ ਨਫ਼ਰਤ ਫੈਲਾਉਣ, ਦੰਗੇ ਕਰਨ, ਜਾਨਲੇਵਾ ਹਥਿਆਰਾਂ ਨਾਲ ਦੰਗੇ ਕਰਨ, ਅਗਵਾ ਕਰਨ, ਕਤਲ ਅਤੇ ਗੈਰ-ਕਾਨੂੰਨੀ ਸਭਾ ਦੇ ਸਾਂਝੇ ਉਦੇਸ਼ ਨਾਲ ਅਪਰਾਧ ਕਰਨ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਹੈ । ਹਾਲਾਂਕਿ, ਉਨ੍ਹਾਂ ਨੂੰ ਅਪਰਾਧਿਕ ਸਾਜਿ਼ਸ਼ ਰਚਣ ਅਤੇ ਅਪਰਾਧ ਲਈ ਉਕਸਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ ।
