
ਸਮਾਣਾ ਹਲਕੇ ਦੇ ਚਾਰ ਪਿੰਡਾਂ ਨੂੰ 50 ਸਾਲ ਬਾਅਦ ਲੱਗਿਆ ਨਹਿਰੀ ਪਾਣੀ, ਵਿਧਾਇਕ ਜੌੜਾਮਾਜਰਾ ਵੱਲੋਂ ਉਦਘਾਟਨ
- by Jasbeer Singh
- June 4, 2025

ਸਮਾਣਾ ਹਲਕੇ ਦੇ ਚਾਰ ਪਿੰਡਾਂ ਨੂੰ 50 ਸਾਲ ਬਾਅਦ ਲੱਗਿਆ ਨਹਿਰੀ ਪਾਣੀ, ਵਿਧਾਇਕ ਜੌੜਾਮਾਜਰਾ ਵੱਲੋਂ ਉਦਘਾਟਨ -1.27 ਕਰੋੜ ਰੁਪਏ ਦੀ ਲਾਗਤ ਨਾਲ ਪੱਕੇ ਕੀਤੇ ਸੂਇਆ ਨਾਲ ਪਿੰਡ ਲਲੌਛੀ, ਫਤਿਹਮਾਜਰੀ, ਅਚਰਾਲ ਕਲਾਂ ਤੇ ਖ਼ੁਰਦ ਦੇ ਖੇਤਾਂ 'ਚ ਪੁੱਜਿਆ ਪਾਣੀ -ਕਿਸਾਨਾਂ ਨੇ ਵਿਧਾਇਕ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦਾ ਮੂੰਹ ਮਿੱਠਾ ਕਰਵਾ ਕੇ ਪੰਜਾਬ ਸਰਕਾਰ ਦਾ ਕਿੱਤਾ ਧੰਨਵਾਦ -ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ ਧਰਤੀ ਹੇਠਲਾ ਪਾਣੀ ਬਚਾਉਣ ਮਾਨ ਸਰਕਾਰ ਦੀ ਪਹਿਲ ਕਦਮੀ : ਜੌੜਾਮਾਜਰਾ ਸਮਾਣਾ/ਪਟਿਆਲਾ, 4 ਜੂਨ : ਸਮਾਣਾ ਹਲਕੇ ਦੇ ਚਾਰ ਪਿੰਡ ਲਲੌਛੀ, ਫਤਿਹਮਾਜਰੀ, ਅਚਰਾਲ ਕਲਾਂ ਤੇ ਅਚਰਾਲ ਖ਼ੁਰਦ ਦੇ ਕਿਸਾਨਾਂ ਵਿੱਚ ਅੱਜ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਉਨ੍ਹਾਂ ਦੇ ਖੇਤਾਂ ਨੂੰ ਸਿੰਚਾਈ ਲਈ ਕਰੀਬ 50 ਸਾਲਾਂ ਬਾਅਦ ਨਹਿਰੀ ਪਾਣੀ ਦੀ ਸਪਲਾਈ ਨਸੀਬ ਹੋਈ। ਕਿਸਾਨਾਂ ਨੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦਾ ਮੂੰਹ ਮਿੱਠਾ ਕਰਵਾ ਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਕਰੀਬ 1.27 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 1100 ਏਕੜ ਰਕਬੇ ਦੀ ਸਿੰਚਾਈ ਲਈ ਸੂਏ ਦੇ ਖਾਲੇ ਪੱਕੇ ਕੀਤੇ ਗਏ ਹਨ, ਜਿਸ ਦਾ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੱਡਾ ਲਾਭ ਮਿਲੇਗਾ। ਇਸ ਮੌਕੇ 592 ਏਕੜ ਰਕਬੇ ਸਿੰਚਾਈ ਵਾਲਾ ਪਾਣੀ ਦੇਣ ਲਈ ਮਾਈਨਰ ਨੰਬਰ 2 ਨਵਾਡਾ ਰਜਵਾਹਾ ਵਿਚੋਂ ਆਰ.ਡੀ. 13714 ਖੱਬਾ ਪਾਸਾ, 9860 ਫੁੱਟ ਸੂਏ ਨੂੰ 74 ਲੱਖ ਦੀ ਲਾਗਤ ਨਾਲ ਪੱਕਾ ਕਰਨ ਅਤੇ 410 ਏਕੜ ਰਕਬੇ ਨੂੰ ਪਾਣੀ ਦੇਣ ਲਈ ਆਰ.ਡੀ. 13714 ਸੱਜਾ ਪਾਸਾ, 7274 ਫੁੱਟ ਸੂਏ ਨੂੰ 55 ਲੱਖ ਰੁਪਏ ਦੀ ਲਾਗਤ ਨਾਲ ਪੱਕਾ ਕਰਨ ਦਾ ਉਦਘਾਟਨ ਕਰਦਿਆਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਵੱਡੀ ਪਹਿਲਕਦਮੀ ਕੀਤੀ ਹੈ। ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਕਰਕੇ ਸੂਏ ਦੇ ਖਾਲੇ ਨਜਾਇਜ਼ ਕਬਜ਼ਿਆਂ ਹੇਠ ਆ ਗਏ ਸਨ ਅਤੇ ਪੰਜਾਬ ਦਾ ਨਹਿਰੀ ਪਾਣੀ ਸਿੰਚਾਈ ਬਹੁਤ ਘੱਟ ਵਰਤਿਆਂ ਜਾਣ ਲੱਗਿਆ, ਜਿਸ ਦਾ ਲਾਭ ਮਿਲੀਭੁਗਤ ਕਰਕੇ ਹਰਿਆਣਾ ਅਤੇ ਹੋਰ ਰਾਜਾਂ ਨੂੰ ਹੁੰਦਾ ਰਿਹਾ। ਜਦਕਿ ਪੰਜਾਬ ਦੇ ਕਿਸਾਨ ਆਪਣੀ ਧਰਤੀ ਹੇਠਲਾ ਪਾਣੀ ਮੁਕਾਉਣ ਕਿਨਾਰੇ ਪੁੱਜ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਆਪਣੇ ਹਿੱਸੇ ਦਾ ਕਰੀਬ 80 ਫ਼ੀਸਦੀ ਨਹਿਰੀ ਪਾਣੀ ਵਰਤਣ ਲੱਗਿਆ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਦੇ ਨਾਲ ਨਾਲ ਮੋਟਰ ਨਾ ਚੱਲਣ ਕਾਰਨ ਬਿਜਲੀ ਦੀ ਵੀ ਬਚਤ ਹੋਣ ਲੱਗੀ ਹੈ। ਇਸ ਮੌਕੇ ਮਾਰਕਿਟ ਕਮੇਟੀ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਸਰਪੰਚ ਅਮਰੀਕ ਸਿੰਘ, ਜੱਸ ਸਿੰਘ, ਵਿਕਰਮ ਸਿੰਘ ਲਲੌਛੀ, ਗੁਰਵਿੰਦਰ ਸਿੰਘ ਲਲੌਛੀ, ਕਰਨੈਲ ਸਿੰਘ ਲਲੌਛੀ, ਨਿਰਭੈ ਸਿੰਘ ਫਤਿਹਮਾਜਰੀ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ ਗੱਜੂਮਾਜਰਾ ਅਤੇ ਨਹਿਰੀ ਵਿਭਾਗ ਦੇ ਐਸ.ਡੀ.ਓ. ਗੁਰਪ੍ਰੀਤ ਸਿੰਘ, ਜੇ.ਈ. ਮੋਹਿਤ ਬਾਂਸਲ, ਨਹਿਰੀ ਪਟਵਾਰੀ ਮਨਦੀਪ ਸਿੰਘ, ਹਰਪ੍ਰੀਤ ਸਿੰਘ ਤੇ ਜਗਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.