ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਨਿਕਲੀਆਂ ਸਰਕਾਰੀ ਨੌਕਰੀਆਂ ਚੰਡੀਗੜ੍ਹ 19 ਨਵੰਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐਮ. ਬੀ.) ਲਈ ਇੱਕ ਵੱਖਰਾ ਕੇਡਰ ਬਣਾਉਣ ਨੂੰ ਰਸਮੀ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਸਦੇ ਨਾਲ ਹੀ ਬੋਰਡ ਵਿਚ ਸਰਕਾਰੀ ਨੌਕਰੀਆਂ ਦੀ ਵੀ ਵਿਵਸਥਾ ਕੀਤੀ ਗਈ ਹੈ । ਕੀ ਦੱਸਿਆ ਵਿੱਤ ਮੰਤਰੀ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਦੇ ਕਰਮਚਾਰੀਆਂ ਨੂੰ ਬੀ. ਬੀ. ਐਮ. ਬੀ. ਵਿੱਚ ਡੈਪੂਟੇਸ਼ਨ ਤੇ ਭੇਜਿਆ ਜਾਂਦਾ ਸੀ ਪਰ ਉਨ੍ਹਾਂ ਦੇ ਆਰਡਰ ਅਕਸਰ ਰੱਦ ਕਰ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਦੀ ਥਾਂ ਬਾਹਰੀ ਕਰਮਚਾਰੀਆਂ ਨੂੰ ਲਿਆ ਜਾਂਦਾ ਸੀ । ਜਿਸ ਨਾਲ ਨਾ ਸਿਰਫ਼ ਪੰਜਾਬ ਦੇ ਅਧਿਕਾਰ ਪ੍ਰਭਾਵਿਤ ਹੋਏ ਬਲਕਿ ਨੌਜਵਾਨਾਂ ਲਈ ਉਪਲਬਧ ਸਰਕਾਰੀ ਨੌਕਰੀਆਂ ਵਿੱਚ ਵੀ ਲਗਾਤਾਰ ਗਿਰਾਵਟ ਆਈ । ਬੀ. ਬੀ. ਐਮ. ਬੀ. ਖਾਲੀ ਹਨ ਕੁੱਲ ਪੰਜਾਬ ਦੀ ਨੁਮਾਇੰਦਗੀ ਵਾਲੀਆਂ 3165 ਅਸਾਮੀਆਂ ਪੰਜਾਬ ਸਰਕਾਰ ਦੇ ਅਨੁਸਾਰ ਬੀ. ਬੀ. ਐਮ. ਬੀ. ਵਿੱਚ ਕੁੱਲ 3 ਹਜ਼ਾਰ 165 ਅਸਾਮੀਆਂ ਪੰਜਾਬ ਦੀ ਨੁਮਾਇੰਦਗੀ ਵਾਲੀਆਂ ਸਾਲਾਂ ਤੋਂ ਖਾਲੀ ਪਈਆਂ ਹਨ।ਜਿਨ੍ਹਾਂ ਵਿੱਚ ਪੀ. ਐਸ. ਪੀ. ਸੀ. ਐਲ., ਜਲ ਸਰੋਤ ਅਤੇ ਸਿਹਤ ਵਿਭਾਗਾਂ ਵਿੱਚ ਵੱਡੀ ਗਿਣਤੀ ਵਿੱਚ ਅਸਾਮੀਆਂ ਸ਼ਾਮਲ ਹਨ। ਪੰਜਾਬ ਸਰਕਾਰ ਹੁਣ ਇਨ੍ਹਾਂ ਅਸਾਮੀਆਂ ਨੂੰ ਖੁਦ ਭਰੇਗੀ, ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਸਥਾਈ ਸਰਕਾਰੀ ਰੁਜ਼ਗਾਰ ਮਿਲੇਗਾ। ਮੰਤਰੀ ਮੰਡਲ ਨੇ ਬੀ. ਬੀ. ਐਮ. ਬੀ. ਵਿੱਚ ਵੱਖ-ਵੱਖ ਪ੍ਰੋਜੈਕਟਾਂ, ਪਾਵਰ ਪਲਾਂਟਾਂ ਅਤੇ ਵਿਭਾਗਾਂ ਲਈ 2,458 ਨਵੀਆਂ ਅਸਾਮੀਆਂ ਬਣਾਉਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ।
