ਸਰਕਾਰ ਨੇ ਦਿੱਤੀ ਡਿਫਾਲਟਰ ਪਲਾਟ ਅਲਾਟੀਆਂ ਨੂੰ ਰਾਹਤ ਚੰਡੀਗੜ੍ਹ, 14 ਜਨਵਰੀ 2026 : ਪੰਜਾਬ ਸਰਕਾਰ ਨੇ ਐਮਨੈਸਟੀ ਪਾਲਿਸੀ-2025 `ਚ ਤਿੰਨ ਮਹੀਨੇ ਦੇ ਵਾਧੇ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਨਾਲ ਪੰਜਾਬ ਭਰ ਦੇ ਡਿਫਾਲਟਰ ਪਲਾਟ ਅਲਾਟੀਆਂ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰ ਨੇ ਐਮਨੈਸਟੀ ਸਕੀਮ-2025 ਦੀ ਮਿਆਦ 31 ਮਾਰਚ 2026 ਤੱਕ ਵਧਾਈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤਹਿਤ ਅਲਾਟ ਅਤੇ ਨਿਲਾਮ ਕੀਤੇ ਪਲਾਟਾਂ ਲਈ ਐਮਨੈਸਟੀ ਨੀਤੀ 2025 ਦੇ ਵਾਧੇ ਨੂੰ ਪ੍ਰਵਾਨਗੀ ਦਿੱਤੀ ਹੈ । ਇਸ ਫ਼ੈਸਲੇ ਨਾਲ ਵਿਕਾਸ ਅਥਾਰਟੀਆਂ ਦੇ ਡਿਫਾਲਟਰ ਅਲਾਟੀਆਂ ਨੂੰ ਇਸ ਨੀਤੀ ਤਹਿਤ 31 ਮਾਰਚ, 2026 ਤੱਕ ਅਪਲਾਈ ਕਰਨ ਦਾ ਨਵਾਂ ਮੌਕਾ ਮਿਲਿਆ ਹੈ। ਯੋਗ ਬਿਨੈਕਾਰਾਂ ਨੂੰ ਕਰਵਾਉਣੀ ਪਵੇਗੀ ਤਿੰਨ ਮਹੀਨਿਆਂ ਅੰਦਰ ਬਕਾਇਆ ਰਕਮ ਜਮ੍ਹਾ ਯੋਗ ਬਿਨੈਕਾਰਾਂ ਨੂੰ ਸਬੰਧਤ ਵਿਕਾਸ ਅਥਾਰਟੀ ਦੁਆਰਾ ਮਨਜ਼ੂਰੀ ਦੀ ਮਿਤੀ ਤੋਂ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਬਕਾਇਆ ਰਕਮ ਜਮ੍ਹਾਂ ਕਰਾਉਣੀ ਪਵੇਗੀ ਤੇ ਅਰਜ਼ੀਆਂ ਨਵੀਂ ਐਲਾਨੀ ਮਿਤੀ ਨੂੰ ਜਾਂ ਇਸ ਤੋਂ ਪਹਿਲਾਂ ਜਮ੍ਹਾਂ ਕਰਵਾਉਣੀਆਂ ਪੈਣਗੀਆਂ। ਕਈ ਪਰਿਵਾਰ ਤੇ ਸੰਸਥਾਵਾਂ ਬਕਾਇਆ ਰਕਮ ਇਕੱਠੀ ਹੋਣ ਅਤੇ ਦਫ਼ਤਰ ਕਾਰਵਾਈ `ਚ ਦੇਰੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਸਨ ਅਤੇ ਇਸ ਸਕੀਮ ਦੀ ਮਿਤੀ `ਚ ਵਾਧੇ ਨਾਲ ਉਨ੍ਹਾਂ ਨੂੰ ਆਪਣੀਆਂ ਜਾਇਦਾਦਾਂ ਨੂੰ ਨਿਯਮਤ ਕਰਨ ਸਣੇ ਹਰ ਕਿਸਮ ਦਾ ਲੈਣ-ਦੇਣ ਕਰਨ ਦਾ ਵਿਵਹਾਰਕ ਮੌਕਾ ਮਿਲਿਆ ਹੈ ।
