ਦੋ ਘੰਟਿਆਂ ਤੋਂ ਗੈਸ ਲੈਣ ਲਈ ਖੜ੍ਹੇ ਵਿਅਕਤੀ ਦੀ ਹੋਈ ਦਿਲ ਦਾ ਦੌਰਾ ਪੈਣ ਨਾਲ ਮੌਤ
- by Admin
- March 13, 2026
ਦੋ ਘੰਟਿਆਂ ਤੋਂ ਗੈਸ ਲੈਣ ਲਈ ਖੜ੍ਹੇ ਵਿਅਕਤੀ ਦੀ ਹੋਈ ਦਿਲ ਦਾ ਦੌਰਾ ਪੈਣ ਨਾਲ ਮੌਤ ਬਰਨਾਲਾ, 13 ਮਾਰਚ 2026 : ਘਰੇਲੂ ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਨਾ ਹੋਣ ਦੇ ਚਲਦਿਆਂ ਦੋ ਘੰਟੇ ਤੋਂ ਲਾਈਨ ਵਿਚ ਖੜ੍ਹੇ ਇਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਐਲ. ਪੀ. ਜੀ. ਗੈਸ ਸਿਲੰਡਰਾਂ ਦੀ ਚੱਲ ਰਹੀ ਕਿੱਲਤ ਦੇ ਚਲਦਿਆਂ ਗੈਸ ਏਜੰਸੀਆਂ ਦੇ ਬਾਹਰ ਲੰਮੀਆਂ ਲੰਮੀਆਂ ਲਾਈਨਾਂ ਵਿਚ ਖੜ੍ਹੇ ਰਹਿਣ ਕਾਰਨ ਅੱਜ ਬਰਨਾਲਾ ਦੇ ਪਿੰਡ ਸ਼ਾਇਨਾ ਵਿਖੇ ਇਕ ਵਿਅਕਤੀ ਭੂਸ਼ਣ ਕੁਮਾਰ ਮਿੱਤਲ ਦੀ ਦੋ ਘੰਟਿਆਂ ਤੋਂ ਲਾਈਨ ਵਿਚ ਖੜ੍ਹੇ ਰਹਿਣ ਕਾਰਨ ਦਿਲ ਦਾ ਦੌਰਾ ਪੈ ਜਾਣ ਤੇ ਮੌਤ ਹੋ ਗਈ ਹੈ। ਉਕਤ ਵਿਅਕਤੀ ਦੀ ਉਮਰ 66 ਸਾਲ ਦੱਸੀ ਜਾ ਰਹੀ ਹੈ। ਼ ਸਵੇਰੇ 8 ਵਜੇ ਤੋਂ ਕਰ ਰਿਹਾ ਸੀ ਆਪਣੀ ਵਾਰੀ ਦੀ ਉਡੀਕ ਮਿਲੀਆਂ ਸੂਚਲਾਵਾਂ ਮੁਤਾਬਕ ਪਿੰਡ ਸ਼ਾਇਨਾ ਦਾ ਵਸਨੀਕ ਉਕਤ ਵਿਅਕਤੀ ਭੂਸ਼ਣ ਕੁਮਾਰ ਮਿੱਤਲ (66) ਅੱਜ ਸਵੇਰੇ 8 ਵਜੇ ਤੋਂ ਆਪਣੇ ਪੁੱਤਰ ਦੇਵਰਾਜ ਮਿੱਤਲ ਨਾਲ ਗੈਸ ਏਜੰਸੀ ਵਿੱਚ ਸਿਲੰਡਰ ਲਈ ਲਾਈਨ ਵਿੱਚ ਉਡੀਕ ਕਰ ਰਿਹਾ ਸੀ ਤੇ ਉਸਦਾ ਨੰਬਰ 25 ਸੀ । ਉਡੀਕ ਕਰਦੇ ਸਮੇਂ ਉਸਨੂੰ ਸਿਲੰਡਰ ‘ਤੇ ਬੈਠੇ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ । ਘਟਨਾ ਦੀ ਖ਼ਬਰ ਪੂਰੇ ਇਲਾਕੇ ਵਿੱਚ ਫੈਲ ਗਈ। ਪਰਿਵਾਰ ਲਾਸ਼ ਨੂੰ ਘਰ ਲੈ ਗਿਆ ਹੈ, ਅਤੇ ਪੋਸਟਮਾਰਟਮ ਦੇ ਪ੍ਰਬੰਧ ਕੀਤੇ ਜਾ ਰਹੇ ਹਨ ।
