ਸਮਾਣਾ ਹਾਦਸੇ ਦੇ ਵਿਦਿਆਰਥੀਆਂ ਦੀ ਯਾਦ ’ਚ ਚਿਲਡਰਨ ਪਾਰਕ ਬਣਾਵੇ ਸਰਕਾਰ : ਪ੍ਰੋ. ਬਡੂੰਗਰ
- by Admin
- June 11, 2025
ਸਮਾਣਾ ਹਾਦਸੇ ਦੇ ਵਿਦਿਆਰਥੀਆਂ ਦੀ ਯਾਦ ’ਚ ਚਿਲਡਰਨ ਪਾਰਕ ਬਣਾਵੇ ਸਰਕਾਰ : ਪ੍ਰੋ. ਬਡੂੰਗਰ ਪਟਿਆਲਾ 11 ਜੂਨ () ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਮਾਣਾ ਹਾਦਸੇ ਦਾ ਸ਼ਿਕਾਰ ਹੋਏ ਛੇ ਦੇ ਕਰੀਬ ਵਿਦਿਆਰਥੀਆਂ ਦੀ ਯਾਦ ਵਿਚ ਚਿਲਡਰਨ ਪਾਰਕ ਬਣਾਏ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲੇਖਕ ਮੰਗ ਕੀਤੀ ਹੈ ਕਿ 7 ਮਈ ਨੂੰ ਟਿੱਪਰ ਅਤੇ ਸਕੂਲ ਵੈਨ ਵਿਚਕਾਰ ਭਿਆਨਕ ਟੱਕਰ ਹੋਈ ਸੀ ਅਤੇ ਇਸ ਹਾਦਸੇ ਵਿਚ ਮਾਸੂਮ ਬੱਚਿਆਂ ਦੀਆਂ ਜਾਲਾਂ ਚਲੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਜਿੱਥੇ ਇਸ ਘਟਨਾ ਪ੍ਰਤੀ ਉਨ੍ਹਾਂ ਨੇ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਸੀ, ਉੱਥੇ ਹੀ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਂਦਾ ਸੀ ਕਿ ਅਜਿਹੇ ਹਾਦਸੇ ਨਾ ਹੋਣ ਅਤੇ ਅਜਿਹੀਆਂ ਹਾਦਸਿਆਂ ਪ੍ਰਤੀ ਸਰਕਾਰ ਨੂੰ ਸੰਜੀਦਾ ਰੁੱਖ ਅਖ਼ਤਿਆਰ ਕਰਕੇ ਸੜਕ ਨੂੰ ਚੌੜਾ ਬਣਾਉਣ ਦਾ ਕੰਮ ਕਰਨਾ ਚਾਹੀਦਾ ਤਾਂ ਕਿ ਮੁੜ ਅਜਿਹੇ ਹਾਦਸੇ ਸਾਹਮਣੇ ਨਾ ਆਉਣ। ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਸਾਂਝੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਸੜਕ ਨੂੰ ਚੌੜਾ ਕਰਨ ਦਾ ਐਲਾਨ ਕੀਤਾ ਜੋ ਕਿ ਚੰਗਾ ਉਪਰਾਲਾ ਹੈ ਤਾਂ ਕਿ ਭਿਆਨਕ ਸੜਕ ਹਾਦਸਿਆ ਨੂੰ ਟਾਲਿਆ ਜਾ ਸਕੇ। ਪ੍ਰੋ. ਬਡੂੰਗਰ ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦੀ ਸਦੀਵੀ ਯਾਦ ਲਈ ਇਕ ਚਿਲਡਰਨ ਪਾਰਕ ਵੀ ਬਣਾ ਦੇਣਾ ਚਾਹੀਦਾ ਹੈ।
