ਲੁਧਿਆਣਾ ਦੇ ਬੱਦੋਵਾਲ ਵਿਖੇ ਚਿੱਟੇ ਦਿਨ ਚੱਲੀਆਂ ਗੋਲੀਆਂ ਲੁਧਿਆਣਾ, 10 ਜਨਵਰੀ 2026 : ਪੰਜਾਬ ਦੇ ਜ਼ਿਲ੍ਹਾ ਲੁਧਿਆਣ ਦੇ ਮੁੱਲਾਪੁਰ ਨੇੜੇ ਬੱਦੋਵਾਲ ਇਲਾਕੇ ਵਿੱਚ ਇੱਕ ਲਗਜ਼ਰੀ ਕਾਰ ਸ਼ੋਅਰੂਮ ਵਿੱਚ ਦਿਨ-ਦਿਹਾੜੇ ਗੋਲੀਬਾਰੀ ਹੋਈ । ਉਕਤ ਗੋਲੀਆਂ ਦੋ ਬਦਮਾਸ਼ਾਂ ਨੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਰਾਇਲ ਲਿਮੋਜ਼ਿਨ ਸ਼ੋਅਰੂਮ ਦੇ ਬਾਹਰ ਚਲਾਈਆਂ । ਜਿਸ ਕਾਰਨ ਕੁਝ ਗੋਲੀਆਂ ਕਾਰਾਂ ਦੇ ਅਗਲੇ ਸ਼ੀਸ਼ੇ 'ਤੇ ਵੀ ਲੱਗੀਆਂ, ਜਿਸ ਕਾਰਨ ਕਾਰਾਂ ਦਾ ਨੁਕਸਾਨ ਹੋਇਆ ਹੈ । ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ਾਂ ਨੇ ਸ਼ੋਅਰੂਮ ਦੇ ਬਾਹਰ ਗੈਂਗਸਟਰ ਪਵਨ ਸ਼ੌਕੀਨ ਅਤੇ ਮੁਹੱਬਤ ਰੰਧਾਵਾ ਦੇ ਨਾਵਾਂ ਵਾਲੀਆਂ ਪਰਚੀਆਂ ਸੁੱਟ ਦਿੱਤੀਆਂ । ਪੁਲਸ ਜਾਂਚ ਵਿਚ ਆਇਆ ਹੈ ਫਿਰੌਤੀ ਦਾ ਮਾਮਲਾ ਚਿੱਟੇ ਦਿਨ ਗੋਲੀਆਂ ਚਲਾਉਣ ਦੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੁੱਲਾਂਪੁਰ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ । ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਫਿਰੌਤੀ ਦਾ ਮਾਮਲਾ ਹੈ । ਮੁੱਲਾਪੁਰ ਨੇੜੇ ਬੱਦੋਵਾਲ ਇਲਾਕੇ ਵਿੱਚ ਰਾਇਲ ਲਿਮੋਜ਼ਿਨ ਸ਼ੋਅਰੂਮ, ਜਿੱਥੇ ਗੋਲੀਬਾਰੀ ਹੋਈ ਸੀ, ਉੱਥੇ ਮਰਸੀਡੀਜ਼ ਅਤੇ ਰੇਂਜ ਰੋਵਰ ਵਰਗੀਆਂ ਕਾਰਾਂ ਖੜੀਆਂ ਹਨ । ਗੋਲੀਆਂ ਦਾ ਆਵਾਜ਼ ਸੁਣ ਪੈ ਗਈਆਂ ਭਾਜੜਾਂ ਦੋਵਾਂ ਵਿਅਕਤੀਆਂ ਨੇ ਸ਼ੋਅਰੂਮ ਦੇ ਅਹਾਤੇ ਵਿੱਚ ਖੜ੍ਹੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾਈਆਂ । ਦੱਸਿਆ ਗਿਆ ਹੈ ਕਿ ਸੱਤ ਤੋਂ ਅੱਠ ਰਾਊਂਡ ਫਾਇਰ ਕੀਤੇ ਗਏ, ਜੋ ਕਈ ਕਾਰਾਂ ਨੂੰ ਲੱਗੇ । ਇਸ ਤੋਂ ਬਾਅਦ ਹਮਲਾਵਰ ਭੱਜ ਗਏ । ਅਚਾਨਕ ਹੋਈ ਗੋਲੀਬਾਰੀ ਨਾਲ ਸ਼ੋਅਰੂਮ ਦੇ ਕਰਮਚਾਰੀਆਂ ਅਤੇ ਉੱਥੇ ਮੌਜੂਦ ਲੋਕਾਂ ਵਿਚ ਦਹਿਸ਼ਤ ਫੈਲਾ ਦਿੱਤੀ ਗੋਲੀਬਾਰੀ ਦੀ ਆਵਾਜ਼ ਸੁਣਦੇ ਹੀ ਲੋਕ ਭੱਜਣ ਲੱਗ ਪਏ ।
