post

Jasbeer Singh

(Chief Editor)

Patiala News

ਸਿਹਤ ਮੰਤਰੀ ਵੱਲੋਂ ਡਾ. ਬਲਬੀਰ ਸਿੰਘ ਨੌਜਵਾਨਾਂ ਤੇ ਸਾਬਕਾ ਫ਼ੌਜੀਆਂ ਨੂੰ ਨਸ਼ਿਆਂ ਵਿਰੁੱਧ ਯੁੱਧ ਲੜਨ ਦਾ ਸੱਦਾ

post-img

ਸਿਹਤ ਮੰਤਰੀ ਵੱਲੋਂ ਡਾ. ਬਲਬੀਰ ਸਿੰਘ ਨੌਜਵਾਨਾਂ ਤੇ ਸਾਬਕਾ ਫ਼ੌਜੀਆਂ ਨੂੰ ਨਸ਼ਿਆਂ ਵਿਰੁੱਧ ਯੁੱਧ ਲੜਨ ਦਾ ਸੱਦਾ -ਚੌਥਾ ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਖ਼ਾਲਸਾ ਕਾਲਜ 'ਚ ਨੌਜਵਾਨਾਂ ਤੇ ਪਟਿਆਲਵੀਆਂ ਦੀ ਖਿੱਚ ਦਾ ਕੇਂਦਰ ਬਣਿਆ -ਫ਼ੌਜੀ ਟੈਂਕਾਂ, ਤੋਪਾਂ, ਜੰਗੀ ਹਥਿਆਰਾਂ ਦੀ ਪ੍ਰਦਰਸ਼ਨੀ, ਫ਼ੌਜੀ ਇਤਿਹਾਸ ਦੀਆਂ ਦਸਤਾਵੇਜੀ ਫ਼ਿਲਮਾਂ, ਘੋੜਿਆਂ ਦੇ ਕਰਤੱਬਾਂ ਤੇ ਤੀਰਅੰਦਾਜੀ ਨੇ ਕੀਲੇ ਦਰਸ਼ਕ ਪਟਿਆਲਾ, 12 ਫਰਵਰੀ 2026 : ਪਟਿਆਲਾ ਹੈਰੀਟੇਜ ਫੈਸਟੀਵਲ 2025 ਤਹਿਤ ਖ਼ਾਲਸਾ ਕਾਲਜ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਚੌਥੀ ਵਾਰ ਸਫ਼ਲਤਾ ਪੂਰਵਕ ਕਰਵਾਏ ਗਏ ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਨੇ ਫ਼ੌਜੀ ਸ਼ਾਨ-ਓ-ਸ਼ੌਕਤ ਨਾਲ ਪਟਿਆਲਵੀਆਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਮਿਲਟਰੀ ਇਤਿਹਾਸ ਤੋਂ ਵਾਕਫ਼ ਕਰਵਾਇਆ। ਇਸ ਮੌਕੇ ਫ਼ੌਜੀ ਟੈਂਕਾਂ, ਤੋਪਾਂ, ਜੰਗੀ ਹਥਿਆਰਾਂ ਦੀ ਪ੍ਰਦਰਸ਼ਨੀ, ਫ਼ੌਜੀ ਇਤਿਹਾਸ ਦੀਆਂ ਦਸਤਾਵੇਜੀ ਫ਼ਿਲਮਾਂ, ਘੋੜਿਆਂ ਦੇ ਕਰਤੱਬਾਂ ਤੇ ਤੀਰਅੰਦਾਜੀ ਨੇ ਦਰਸ਼ਕਾਂ ਨੂੰ ਕੀਲ ਲਿਆ । ਫ਼ੌਜੀ ਸਾਹਿਤ ਮੇਲੇ ਦਾ ਉਦਘਾਟਨ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਨੌਜਵਾਨਾਂ ਤੇ ਸਾਬਕਾ ਫ਼ੌਜੀਆਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਅਰੰਭੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਚ ਸ਼ਾਮਲ ਹੋਕੇ ਨਸ਼ਿਆਂ ਵਿਰੁੱਧ ਯੁੱਧ ਲੜਨ। ਉਨ੍ਹਾਂ ਕਿਹਾ ਕਿ ਵਾਰ ਹੀਰੋਜ਼ ਤੇ ਵੀਰ ਨਾਰੀਆਂ ਨਸ਼ਿਆਂ ਵਿਰੁੱਧ ਵੀ ਸਾਡੇ ਹੀਰੋ ਬਣਨ। ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ 'ਤੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਫ਼ੌਜ ਤੇ ਫ਼ੌਜੀ ਇਤਿਹਾਸ ਦੇ ਗੌਰਵ ਬਾਰੇ ਜਾਣੂ ਕਰਵਾਉਣ ਲਈ ਅਜਿਹੇ ਮੇਲੇ ਕਰਵਾਏ ਜਾ ਰਹੇ ਹਨ, ਜਿਸ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਵਧਾਈ ਦੇ ਪਾਤਰ ਹਨ । ਜ਼ਿਲ੍ਹੇ ਦੇ ਵੱਖ-ਵੱਖ ਫ਼ੌਜੀ ਉਪਰੇਸ਼ਨਾਂ 'ਚ ਸ਼ਹੀਦ ਹੋਏ ਸੈਨਿਕਾਂ ਦੀਆਂ 5 ਵੀਰ ਨਾਰੀ ਮਾਵਾਂ ਤੇ ਪਤਨੀਆਂ ਨੂੰ ਸਨਮਾਨਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇੱਕ ਜੰਗ ਸਰਹੱਦਾਂ 'ਤੇ ਹੁੰਦੀ ਹੈ ਅਤੇ ਦੂਜੀ ਜੰਗ ਸੈਨਿਕਾਂ ਦੇ ਪਰਿਵਾਰ ਲੜਦੇ ਹਨ, ਜਿਸ ਲਈ ਪੰਜਾਬ ਸਰਕਾਰ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰਾਂ ਲਈ ਸਨਮਾਨ ਰਾਸ਼ੀ 1 ਕਰੋੜ ਰੁਪਏ ਕਰ ਦਿੱਤੀ ਹੈ । ਸਿਹਤ ਮੰਤਰੀ ਨੇ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਲੜੀਆਂ ਵੱਖ-ਵੱਖ ਜੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੇ ਸਰਹੱਦਾਂ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਹਨ। ਡਾ. ਬਲਬੀਰ ਸਿੰਘ ਨੇ ਮਿਲਟਰੀ ਲਿਟਰੇਚਰ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਆਲਮੀ ਪੱਧਰ 'ਤੇ ਕੁਝ ਮੁਲਕਾਂ ਵੱਲੋਂ ਫ਼ੌਜੀ ਤਾਕਤ ਨਾਲ ਆਪਣਾ ਦਬਦਬਾ ਬਣਾਕੇ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਹਨ, ਇਸ ਲਈ ਬੱਚਿਆਂ ਨੂੰ ਵਿਸ਼ਵ 'ਚ ਵਾਪਰ ਰਹੇ ਵਰਤਾਰੇ ਤੋਂ ਜਾਗਰੂਕ ਹੋਣਾ ਬਹੁਤ ਲਾਜਮੀ ਹੈ । ਸਿਹਤ ਮੰਤਰੀ ਨੇ ਕਿਹਾ ਕਿ ਬੇਸ਼ੱਕ ਫ਼ੌਜੀ ਸ਼ਕਤੀ ਮਜ਼ਬੂਤ ਕਰਨ ਦੀ ਵੀ ਲੋੜ ਹੈ ਪਰੰਤੂ ਸਿਹਤ, ਸਿੱਖਿਆ, ਰੋਜ਼ਗਾਰ ਤੇ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਬੇਹੱਦ ਲਾਜਮੀ ਹੈ। ਬਲਕਿ ਇਸ ਤੋਂ ਵੀ ਜਿਆਦਾ ਸਾਡੇ ਦੇਸ਼ ਦੇ 144 ਕਰੋੜ ਲੋਕਾਂ ਨੂੰ ਇਕਜੁੱਟ ਹੋਣ ਦੀ ਹੈ ਤਾਂ ਕਿ ਕੋਈ ਸਾਡਾ ਧਿਆਨ ਲੜਾਈ ਵੱਲ ਭਟਕਾ ਕੇ ਲੋਕਾਂ ਵਿੱਚ ਆਪਸੀ ਫੁੱਟ ਨਾ ਪਵਾ ਦੇਵੇ, ਇਸ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿੱਖਿਆ, ਰੋਜ਼ਗਾਰ, ਸਿਹਤ 'ਤੇ ਕੰਮ ਕਰਦਿਆਂ ਨਸ਼ਿਆਂ ਨੂੰ ਠੱਲ੍ਹ ਪਾਈ ਹੈ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਫ਼ੌਜੀ ਸ਼ਾਨੌ ਸੌਕਤ ਨਾਲ ਸੰਪੰਨ ਹੋਏ ਫ਼ੌਜੀ ਸਾਹਿਤ ਮੇਲੇ ਦੀ ਸਫ਼ਲਤਾ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਅਤੇ ਭਾਰਤੀ ਫ਼ੌਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮੇਲਾ ਨੌਜਵਾਨਾਂ ਤੇ ਵਿਦਿਆਰਥੀਆਂ ਲਈ ਇੱਕ ਨਵੀਂ ਸ਼ੁਰੂਆਤ ਹੈ। ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਲੈਫ. ਜਨ. ਚੇਤਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ 'ਤੇ ਕਰਵਾਏ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਆਰਮਡ ਡਿਵੀਜਨ ਦੇ ਬ੍ਰਿਗੇਡੀਅਰ ਏ.ਕੇ. ਉਨਿਆਲ ਵੀ ਮੌਜੂਦ ਸਨ। ਬ੍ਰਿਗੇਡੀਅਰ ਅਦਵਿੱਤਿਆ ਮਦਾਨ ਨੇ ਕਿਹਾ ਕਿ ਪੰਜਾਬ ਦੇਸ਼ ਦੀ ਸਦੀਆਂ ਤੋਂ ਖੜਗਭੁਜਾ ਰਿਹਾ ਹੈ, ਸਾਨੂੰ ਆਪਣੀ ਇਸ ਖੂਨ ਭਿੱਜੀ ਵਿਰਾਸਤ ਉਪਰ ਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਭਾਰਤੀ ਫ਼ੌਜ ਦੁਨੀਆਂ ਦੀ ਬਿਹਤਰੀਨ ਫ਼ੌਜ ਹੈ ਅਤੇ ਕਈ ਮੁਲਕਾਂ ਦੀ ਫ਼ੌਜ ਸਾਡੀ ਫ਼ੌਜ ਤੋਂ ਟ੍ਰੇਨਿੰਗ ਲੈਂਦੀ ਹੈ। ਮੇਲੇ ਦੇ ਨੋਡਲ ਅਫ਼ਸਰ ਏ.ਡੀ.ਸੀ. ਸ਼ਹਿਰੀ ਵਿਕਾਸ ਡਾ. ਇਸਮਤ ਵਿਜੇ ਸਿੰਘ ਅਤੇ ਆਰ.ਟੀ.ਓ. ਬਬਨਦੀਪ ਸਿੰਘ ਨੇ ਦੱਸਿਆ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਸਮਾਪਤੀ ਮੌਕੇ ਪੀ.ਪੀ.ਐਸ. ਨਾਭਾ ਸਕੂਲ ਦੇ ਵਿਦਿਆਰਥੀਆਂ ਨੇ ਵੀ ਜਾਂਬਾਜ ਖੇਡ ਘੋੜਸਵਾਰੀ ਦੇ ਕਰਤੱਬ ਦਿਖਾਏ । ਇਸੇ ਦੌਰਾਨ ਮਿਲਟਰੀ ਲਿਟਰੇਚਰ ਫੈਸਟੀਵਲ 'ਚ ਵਿਦਿਆਰਥੀਆਂ ਲਈ ਫ਼ੌਜੀ ਇਤਿਹਾਸ ਦੇ ਜੋਸ਼, ਜਜ਼ਬੇ ਤੇ ਬਹਾਦਰੀ ਦਾ ਵਰਨਣ ਕਰਦੀਆਂ ਦਸਤਾਵੇਜੀ ਫ਼ਿਲਮਾਂ ਵੀ ਦਿਖਾਈਆਂ ਗਈਆਂ। ਇਨ੍ਹਾਂ 'ਚ 'ਮੈਨ ਆਫ਼ ਆਨਰ', 'ਇੰਡੀਅਨ ਨੇਵੀ', 'ਬਾਜ਼', 'ਨਿਰਚੈ ਕਰ ਅਪਨੀ ਜੀਤ ਕਰੋਂ', 'ਇੰਡੀਅਨ ਨੇਵੀ ਕੋਨਕੁਈਰਿੰਗ ਸੀਜ', 'ਜਾਬਾਜ਼ ਹਮ ਚਲੇ', 'ਸਿਆਚਿਨ ਸਪੈਸ਼ਲ ਅਤੇ ਉਪਰੇਸ਼ਨ ਮੇਘਦੂਤ', 'ਕਾਰਗਿਲ' ਅਤੇ 'ਇੰਡੀਅਨ ਆਰਮੀ ਇਨਵਿਜੀਬਲ ਬਟ ਇਫੈਕਟਿਵ' ਵੀ ਸ਼ਾਮਲ ਸਨ । ਡਾ. ਇਸਮਤ ਨੇ ਦੱਸਿਆ ਕਿ ਬ੍ਰੇਵ-ਹਾਰਟ ਮੋਟਰਸਾਈਕਲ ਰੈਲੀ, ਭਾਰਤੀ ਫੌਜ ਦੇ ਇਤਿਹਾਸ ਸਮੇਤ ਜੋਸ਼ ਤੇ ਜਜ਼ਬੇ ਨੂੰ ਦਰਸਾਉਂਦੀਆਂ ਫ਼ਿਲਮਾਂ, ਬੈਂਡ ਡਿਸਪਲੇ, ਜਜ਼ਬੇ ਅਤੇ ਬਹਾਦਰੀ ਦਾ ਵਰਨਣ, ਫ਼ੌਜੀ ਟੈਂਕਾਂ ਤੇ ਜੰਗੀ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ, ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਭੰਗੜਾ, ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ, ਤੀਰ ਅੰਦਾਜੀ, ਪੁਲਿਸ ਤੇ ਫ਼ੌਜ ਭਰਤੀ ਬਾਰੇ ਕਾਉਂਸਲਿੰਗ ਤੇ ਫ਼ੂਡ ਕੋਰਟ ਵੀ ਸਥਾਪਤ ਕੀਤੇ ਗਏ ਸਨ, ਜਿਸ ਦਾ ਵੱਡੀ ਗਿਣਤੀ ਪਟਿਆਵਲੀਆਂ ਅਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਆਨੰਦ ਮਾਣਿਆ। ਇਸ ਮੌਕੇ ਐਨ.ਸੀ.ਸੀ., ਆਰਮੀ ਯੂਨਿਟ, ਵੱਡੀ ਗਿਣਤੀ ਅਧਿਆਪਕ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ, ਫ਼ੌਜ ਦੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਸਮੇਤ ਪਟਿਆਲਾ ਦੇ ਵਸਨੀਕ ਮੌਜੂਦ ਸਨ।

Related Post

Instagram