ਸਲਮਾਨ ਖਾਨ ਦੇ ਕੇਸ ਦੀ ਸੁਣਵਾਈ ਤੋਂ ਹਾਈ ਕੋਰਟ ਦੇ ਜੱਜ ਨੇ ਕੀਤਾ ਇਨਕਾਰ ਜੋਧਪੁਰ, 17 ਫਰਵਰੀ 2026 : ਪ੍ਰਸਿੱਧ ਫਿ਼ਲਮ ਸਟਾਰ ਸਲਮਾਨ ਤੇ ਰਾਜਸਥਾਨ ਹਾਈਕੋਰਟ ਵਿਚ ਚੱਲ ਰਹੇ ਕਾਲੇ ਹਿਰਨ ਦੇ ਸਿ਼ਕਾਰ ਵਾਲੇ ਬਹੁਚਰਚਿਤ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਟੱਲ ਗਈ ਹੈ । ਕੀ ਕਾਰਨ ਰਿਹਾ ਸੁਣਵਾਈ ਟਲਣ ਦਾ ਮਿਲੀ ਜਾਣਕਾਰੀ ਅਨੁਸਾਰ ਫਿ਼ਲਮ ਸਟਾਰ ਸਲਮਾਨ ਖਾਨ ਤੇ ਜੋ ਕਾਲੇ ਹਿਰਨ ਨੂੰ ਮਾਰਨ ਦੇ ਮਾਮਲੇ ਸਬੰਧੀ ਕੇਸ ਰਾਜਸਥਾਨ ਹਾਈਕੋਰਟ ਵਿਚ ਚੱਲ ਰਿਹਾ ਹੈ ਦੀ ਸੁਣਵਾਈ ਇਕ ਵਾਰ ਫਿਰ ਇਸ ਲਈ ਟਲ ਗਈ ਹੈ ਕਿਉਂਕਿ ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਬੈਂਚ ਜਿਸ ਦੀ ਅਗਵਾਈ ਜਸਟਿਸ ਬਲਜਿੰਦਰ ਸਿੰਘ ਸੰਧੂ ਕਰ ਰਹੇ ਹਨ, ਨੇ ਅਦਾਕਾਰ ਸਲਮਾਨ ਖਾਨ ਤੇ ਹੋਰ ਮੁਲਜ਼ਮਾਂ ਨਾਲ ਸਬੰਧਤ ਅਪੀਲਾਂ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਉਨ੍ਹਾਂ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ । ਮਾਮਲੇ ਦੀ ਸੁਣਵਾਈ ਫਿਰ ਇਕ ਵਾਰ ਅਣਮਿਥੇ ਸਮੇਂ ਲਈ ਹੋ ਗਈ ਮੁਲਤਵੀ ਜਸਟਿਸ ਸੰਧੂ ਵੱਲੋਂ ਮਾਮਲੇ ਦੀ ਸੁਣਵਾਈ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਮਾਮਲਾ ‘ਪੁੱਟ ਅੱਪ ਅੰਡਰ ਬੈਂਚ` ਕਰ ਦਿੱਤਾ ਗਿਆ ਹੈ। ਇਕ ਨਵੀਂ ਬੈਂਚ ਵੱਲੋਂ ਇਹ ਫੈਸਲਾ ਕਰਨ ਲਈ ਕਿ ਕਿਹੜੀਆਂ ਅਪੀਲਾਂ ਦੀ ਸੁਣਵਾਈ ਕੀਤੀ ਜਾਵੇਗੀ, ਇਸ ਨੂੰ ਹੁਣ ਚੀਫ਼ ਜਸਟਿਸ ਦੇ ਸਾਹਮਣੇ ਦੁਬਾਰਾ ਸੂਚੀਬੱਧ ਕੀਤਾ ਜਾਵੇਗਾ । ਇਸ ਤਰ੍ਹਾਂ ਸਾਲਾਂ ਤੋਂ ਪੈਂਡਿੰਗ ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਈ ਹੈ । ਸੁਣਵਾਈ ਹੋਣੀ ਸੀ ਸਲਮਾਨ ਖਾਨ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪੈਂਡਿੰਗ ਅਪੀਲ ਤੇ ਇਸ ਸਮੇਂ ਇਸ ਮਾਮਲੇ `ਚ 2 ਅਹਿਮ ਅਪੀਲਾਂ ਦੀ ਸੁਣਵਾਈ ਹੋਣੀ ਸੀ ਪਰ ਬੈਂਚ ਦੇ ਵੱਖ ਹੋਣ ਕਾਰਨ ਪੂਰੀ ਪ੍ਰਕਿਰਿਆ ਹੁਣ ਮੁੜ ਤੈਅ ਕੀਤੀ ਜਾਵੇਗੀ । ਇਸ ਮਾਮਲੇ `ਚ ਅਦਾਕਾਰ ਸਲਮਾਨ ਖਾਨ ਦੀ ਆਪਣੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਅਪੀਲ ਪੈਡਿੰਗ ਹੈ ਜਦੋਂ ਕਿ ਸਹਿ-ਮੁਲਜ਼ਮ ਸੈਫ ਅਲੀ ਖਾਨ, ਨੀਲਮ, ਤੱਬੂ, ਸੋਨਾਲੀ ਬੇਂਦਰੇ ਤੇ ਦੁਸ਼ਯੰਤ ਸਿੰਘ ਨੂੰ ਬਰੀ ਕੀਤੇ ਜਾਣ ਵਿਰੁੱਧ ਸੂਬਾ ਸਰਕਾਰ ਦੀ ਅਪੀਲ ਦੀ ਆਗਿਆ ਵੀ ਹਾਈ ਕੋਰਟ `ਚ ਪੈਡਿੰਗ ਹੈ। ਦੋਵਾਂ ਅਪੀਲਾਂ ਦੀ ਇਕੱਠਿਆਂ ਸੁਣਵਾਈ ਹੋਣ ਦੀ ਉਮੀਦ ਸੀ ਪਰ ਬੈਂਚ ਦੇ ਇਨਕਾਰ ਨੇ ਹੁਣ ਪ੍ਰਕਿਰਿਆ ਨੂੰ ਆਪਣੇ ਸ਼ੁਰੂਆਤੀ ਪੜਾਅ `ਤੇ ਵਾਪਸ ਲੈ ਆਂਦਾ ਹੈ।
