 
                                              
                              ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਜਰਮਨੀ ਦੇ ਕਮਜ਼ੋਰ ਡਿਫੈਂਸ ਦਾ ਫਾਇਦਾ ਉਠਾਉਂਦਿਆਂ ਅੱਜ ਇੱਥੇ ਐੱਫਆਈਐੱਚ ਪ੍ਰੋ ਹਾਕੀ ਲੀਗ ਦੇ ਲੰਡਨ ਗੇੜ ਵਿੱਚ ਵਿਸ਼ਵ ਚੈਂਪੀਅਨ ਨੂੰ 3-0 ਨਾਲ ਹਰਾ ਦਿੱਤਾ। ਡਰੈਗ ਫਲਿੱਕਰ ਹਰਮਨਪ੍ਰੀਤ ਨੇ 16ਵੇਂ ਮਿੰਟ, ਸੁਖਜੀਤ ਸਿੰਘ ਨੇ 41ਵੇਂ ਅਤੇ ਗੁਰਜੰਟ ਸਿੰਘ ਨੇ 44ਵੇਂ ਮਿੰਟ ਵਿੱਚ ਗੋਲ ਕੀਤੇ। ਜਰਮਨੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕਿਆ। ਵਿਸ਼ਵ ਦੀ ਪੰਜਵੇਂ ਨੰਬਰ ਦੀ ਭਾਰਤੀ ਟੀਮ 13 ਮੈਚਾਂ ’ਚ 24 ਅੰਕਾਂ ਨਾਲ ਤੀਜੇ ਸਥਾਨ ’ਤੇ ਕਾਇਮ ਹੈ ਜਦਕਿ ਅਰਜਨਟੀਨਾ 14 ਮੈਚਾਂ ’ਚ 26 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਭਾਰਤ ਨੇ ਪ੍ਰੋ ਲੀਗ ਦੇ ਐਂਟਵਰਪ ਗੇੜ ਵਿੱਚ ਅਰਜਨਟੀਨਾ ਨੂੰ ਦੋ ਵਾਰ ਹਰਾਇਆ ਸੀ। ਨੈਦਰਲੈਂਡਜ਼ 12 ਮੈਚਾਂ ਵਿੱਚ 26 ਅੰਕਾਂ ਨਾਲ ਸੂਚੀ ਵਿੱਚ ਸਿਖਰ ’ਤੇ ਹੈ। ਭਾਰਤ ਦੇ ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਪਹਿਲੇ ਕੁਆਰਟਰ ਵਿੱਚ ਜਰਮਨੀ ਦੇ ਦੋ ਪੈਨਲਟੀ ਕਾਰਨਰ ਨਾਕਾਮ ਕਰ ਦਿੱਤੇ। ਦੂਜੇ ਕੁਆਰਟਰ ਦੇ ਪਹਿਲੇ ਹੀ ਮਿੰਟ ਵਿੱਚ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਦੁਨੀਆ ਦੀ ਤੀਜੇ ਨੰਬਰ ਦੀ ਟੀਮ ’ਤੇ ਦਬਾਅ ਬਣਾ ਲਿਆ। ਇਸ ਤੋਂ ਬਾਅਦ ਸੁਖਜੀਤ ਨੇ 41ਵੇਂ ਮਿੰਟ ਵਿੱਚ ਲੀਡ ਦੁੱਗਣੀ ਕਰ ਦਿੱਤੀ। ਤਿੰਨ ਮਿੰਟ ਬਾਅਦ ਗੁਰਜੰਟ ਨੇ ਭਾਰਤ ਲਈ ਤੀਜਾ ਗੋਲ ਕੀਤਾ। ਜਰਮਨੀ ਨੇ ਦਬਾਅ ਵਿੱਚ ਆ ਕੇ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸ੍ਰੀਜੇਸ਼ ਨੇ ਉਸ ਨੂੰ ਇਸ ’ਚ ਸਫਲਤਾ ਨਹੀਂ ਮਿਲਣ ਦਿੱਤੀ। ਸ੍ਰੀਜੇਸ਼ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ ਅਤੇ ਪਹਿਲੇ ਕੁਆਰਟਰ ਵਿੱਚ ਜਰਮਨੀ ਦੀਆਂ ਤਿੰਨ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ। ਇਸ ਵਿੱਚ ਦੋ ਪੈਨਲਟੀ ਕਾਰਨਰ ਵੀ ਸ਼ਾਮਲ ਸਨ। ਕਰੀਬ ਚਾਰ ਮਹੀਨਿਆਂ ਬਾਅਦ ਵਾਪਸੀ ਕਰਦਿਆਂ ਜਰਮਨੀ ਨੇ ਇੱਕ ਦਰਜਨ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਸਾਰੇ ਬੇਕਾਰ ਗਏ। ਭਾਰਤੀ ਟੀਮ ਹੁਣ 8 ਜੂਨ ਨੂੰ ਫਿਰ ਜਰਮਨੀ ਨਾਲ ਭਿੜੇਗੀ। ਇਸੇ ਤਰ੍ਹਾਂ 2 ਅਤੇ 9 ਜੂਨ ਨੂੰ ਉਸ ਦਾ ਸਾਹਮਣਾ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ। -ਪੀਟੀਆਈ ਭਾਰਤੀ ਮਹਿਲਾ ਟੀਮ ਜਰਮਨੀ ਤੋਂ 1-3 ਨਾਲ ਹਾਰੀ ਲੰਡਨ: ਇੱਥੇ ਐੱਫਆਈਐੱਚ ਪ੍ਰੋ ਲੀਗ ਦੇ ਇੰਗਲੈਂਡ ਗੇੜ ਦੇ ਪਹਿਲੇ ਮੈਚ ਵਿੱਚ ਅੱਜ ਭਾਰਤੀ ਮਹਿਲਾ ਹਾਕੀ ਟੀਮ ਨੂੰ ਜਰਮਨੀ ਤੋਂ 1-3 ਨਾਲ ਹਾਰ ਝੱਲਣੀ ਪਈ। ਐੱਫਆਈਐੱਚ ਪ੍ਰੋ ਲੀਗ ਦੇ ਯੂਰੋਪੀ ਗੇੜ ਵਿੱਚ ਇਹ ਭਾਰਤੀ ਮਹਿਲਾ ਟੀਮ ਦੀ ਪੰਜਵੀਂ ਹਾਰ ਹੈ। ਇਸ ਤੋਂ ਪਹਿਲਾਂ ਇਸੇ ਮਹੀਨੇ ਭਾਰਤੀ ਮਹਿਲਾ ਹਾਕੀ ਟੀਮ ਇਸ ਲੀਗ ਦੇ ਐਂਟਵਰਪ ’ਚ ਹੋਏ ਮੁਕਾਬਲਿਆਂ ਵਿੱਚ ਦੋ ਵਾਰ ਬੈਲਜੀਅਮ ਅਤੇ ਦੋ ਵਾਰ ਅਰਜਨਟੀਨਾ ਤੋਂ ਹਾਰ ਚੁੱਕੀ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     