ਪਤਨੀ ਕੋਲੋਂ ਗੁਜ਼ਾਰਾ ਭੱਤਾ ਮੰਗਣ ਵਾਲੇ ਪਤੀ ਨੂੰ 15 ਲੱਖ ਰੁਪਏ ਜੁਰਮਾਨਾ ਪ੍ਰਯਾਗਰਾਜ, 27 ਅਪ੍ਰੈਲ 2026 : ਉਤਰ ਪ੍ਰਦੇਸ਼ ਵਿਖੇ ਇਲਾਹਾਬਾਦ ਹਾਈਕੋੋਰਟ ਨੇ ਇਕ ਪਤੀ ਨੂੰ ਪਤਨੀ ਕੋਲੋਂ ਹੀ ਗੁਜ਼ਾਰਾ ਭੱਤਾ ਮੰਗਣ ਤੇੇ 15 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਆਪਣੀ ਪਤਨੀ ਕੋਲੋਂ ਗੁਜ਼ਾਰਾ ਭੱਤਾ ਲੈਣ ਲਈ ਪਟੀਸ਼ਨ ਦਾਇਰ ਕਰਨ ਵਾਲੇ ਇਕ ਵਕੀਲ ਪਤੀ ਵਿਰੁੱਧ ਸਖ਼ਤ ਟਿੱਪਣੀ ਕਰਦਿਆਂ ਇਲਾਹਾਬਾਦ ਹਾਈ ਕੋਰਟ ਨੇ ਜੋ 15 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ ਇਹ ਫ਼ੈਸਲਾ ਮਾਨਯੋਗ ਕੋਰਟ ਦੇ ਜਸਟਿਸ ਵਿਨੋਦ ਦਿਵਾਕਰ ਦੀ ਅਗਵਾਈ ਵਾਲੇ ਬੈਂਚ ਵਲੋਂ ਕੀਤਾ ਗਿਆ ਹੈ। ਕੀ ਆਖਿਆ ਅਦਾਲਤ ਨੇ ਇਲਾਹਾਬਾਦ ਹਾਈਕੋਰਟ ਦੇ ਜਸਟਿਸ ਵਿਨੋਦ ਦਿਵਾਕਰ ਦੀ ਅਗਵਾਈ ਵਾਲੇ ਬੈਂਚ ਨੇ ਝੂਠਾ ਬਹਾਨਾ ਬਣਾਉਣ ਤੇ ਆਪਣੀ ਪਤਨੀ ਨੂੰ ਬੇਲੋੜੇ ਢੰਗ ਨਾਲ ਪਰੇਸ਼ਾਨ ਕਰਨ ਦੇ ਇਰਾਦੇ ਨਾਲ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਜੋ ਸਰੀਰਕ ਪੱਖੋਂ ਸਮਰੱਥ ਹੈ ਤੇ ਵਕਾਲਤ ਦੇ ਪੇਸ਼ੇ `ਚ ਹੈ, ਨੇ ਨਾ ਸਿਰਫ ਆਪਣੇ ਹੱਕ `ਚ ਦਿੱਤੇ ਗਏ ਗੁਜ਼ਾਰਾ ਭੱਤਾ ਦੇ ਹੁਕਮ ਨੂੰ ਲੁਕਾਇਆ, ਸਗੋਂ ਆਪਣੀ ਪਤਨੀ ਵੱਲੋਂ ਲਏ ਗਏ ਨਿੱਜੀ ਕਰਜ਼ੇ ਦੀ ਵੀ ਦੁਰਵਰਤੋਂ ਕੀਤੀ। ਅਦਾਲਤ ਅਨੁਸਾਰ ਮੁਲਜ਼ਮ ਪਤੀ ਨੇ ਕਰਜ਼ੇ ਦੀ ਰਕਮ ਆਪਣੀ ਜੀਵਨ ਸ਼ੈਲੀ ਆਲੀਸ਼ਾਨ ਬਣਾਉਣ ਤੇ ਸ਼ਰਾਬ ਪੀਣ `ਤੇ ਖਰਚ ਕੀਤੀ। ਕੀ ਸੀ ਪੂਰਾ ਮਾਮਲਾ ਕੇਸ ਅਨੁਸਾਰ 2019 `ਚ ਵਿਆਹ ਤੋਂ ਬਾਅਦ ਪਤਨੀ ਨੂੰ ਇਲਾਹਾਬਾਦ ਹਾਈ ਕੋਰਟ ਨੌਕਰੀ ਮਿਲ ਗਈ, ਜਦੋਂ ਕਿ ਪਤੀ ਬੇਰੁਜ਼ਗਾਰ ਰਿਹਾ । ਬਾਅਦ `ਚ ਦੋਵਾਂ ਦਰਮਿਆਨ ਵਿਵਾਦ ਪੈਦਾ ਹੋ ਗਏ ਜਿਸ ਕਾਰਨ ਪਤੀ ਗੁਜ਼ਾਰਾ ਭੱਤਾ ਲੈਣ ਲਈ ਅਦਾਲਤ `ਚ ਚਲਾ ਗਿਆ। ਇਸ ਸਮੇਂ ਦੌਰਾਨ ਉਸ ਨੇ ਹਾਈ ਕੋਰਟ `ਚ ਇਕ ਪਟੀਸ਼ਨ ਦਾਇਰ ਕੀਤੀ ਤੇ ਆਮਦਨ ਦਾ ਕੋਈ ਸੋਮਾ ਨਾ ਹੋਣ ਦਾ ਦਾਅਵਾ ਕੀਤਾ । ਅਦਾਲਤ ਨੇ ਉਸ ਨੂੰ ਗੁੰਮਰਾਹਕੁੰਨ ਪਾਇਆ । ਕੋਰਟ ਵਿਚ ਪਤਨੀ ਨੇ ਕੀ ਦੱਸਿਆ ਪਤਨੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਉਸ ਦੇ ਨਾਂ `ਤੇ ਲੱਖਾਂ ਰੁਪਏ ਦਾ ਕਰਜ਼ਾ ਲਿਆ ਤੇ ਉਸ ਨੂੰ ਆਪਣੇ ਖਾਤੇ `ਚ ਟ੍ਰਾਂਸਫਰ ਕਰ ਕੇ ਖਰਚ ਕਰ ਦਿੱਤਾ ਸੀ । ਇਸ ਤੋਂ ਦੁਖੀ ਹੋ ਕੇ ਉਸ ਨੇ ਤਲਾਕ ਦੀ ਪਟੀਸ਼ਨ ਦਾਇਰ ਕੀਤੀ । ਅਦਾਲਤ ਨੇ ਪਟੀਸ਼ਨਕਰਤਾ ਦੇ ਆਚਰਣ ਨੂੰ ਗੰਭੀਰ ਮੰਨਦੇ ਹੋਏ ਉਸ ਨੂੰ 6 ਮਹੀਨਿਆਂ ਅੰਦਰ ਆਪਣੀ ਪਤਨੀ ਨੂੰ 15 ਲੱਖ ਰੁਪਏ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇ ਇਹ ਰਕਮ ਮਿੱਥੇ ਸਮੇਂ ਅੰਦਰ ਨਾ ਦਿੱਤੀ ਗਈ ਤਾਂ ਇਸ ਨੂੰ ਜ਼ਮੀਨੀ ਮਾਲੀਏ ਦੇ ਬਕਾਏ ਵਾਂਗ ਵਸੂਲਿਆਂ ਜਾਏਗਾ ।
