ਨਵੀ ਮੁੰਬਈ `ਚ ਗੈਰ-ਕਾਨੂੰਨੀ ਵਿਦੇਸ਼ੀ ਭਰਤੀ ਏਜੰਸੀ ਦਾ ਪਰਦਾਫਾਸ਼ ਠਾਣੇ, 31 ਦਸੰਬਰ 2025 : ਨਵੀ ਮੁੰਬਈ ਪੁਲਸ ਨੇ ਇਕ ਗੈਰ-ਕਾਨੂੰਨੀ ਭਰਤੀ ਏਜੰਸੀ ਦਾ ਸੋਮਵਾਰ ਪਰਦਾਫਾਸ਼ ਕੀਤਾ ਜੋ ਕਥਿਤ ਰੂਪ `ਚ ਲੋਕਾਂ ਨੂੰ ਵਿਦੇਸ਼ਾਂ `ਚ ਨੌਕਰੀਆਂ ਦਾ ਵਾਅਦਾ ਕਰ ਕੇ ਧੋਖਾਦੇਹੀ ਕਰਨ `ਚ ਸ਼ਾਮਲ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਮੁੰਬਈ ਅਪਰਾਧ ਸ਼ਾਖਾ ਤੇ ਵਾਸ਼ੀ ਦੀ ਪੁਲਸ ਨੇ ਗੁੱਡਵਿਲ ਗਲੋਬਲ ਕੰਸਲਟੈਂਸੀ ਦੇ ਦਫਤਰ `ਤੇ ਛਾਪਾ ਮਾਰਿਆ। ਕੰਪਨੀ ਵਿਦੇਸ਼ ਮੰਤਰਾਲਾ ਦੀ ਆਗਿਆ ਤੋਂ ਬਿਨਾਂ ਹੀ ਕੰਮ ਕਰ ਰਹੀ ਸੀ। 7 ਵਿਰੁੱਧ ਮਾਮਲਾ ਦਰਜ ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲਾ (ਪ੍ਰਵਾਸੀਆਂ ਦੀ ਸੁਰੱਖਿਆ) ਮੁੰਬਈ ਦੇ ਇਕ ਸਹਾਇਕ ਸੈਕਸ਼ਨ ਅਫਸਰ ਦੀ ਸ਼ਿਕਾਇਤ `ਤੇ ਆਈ. ਪੀ. ਸੀ. ਦੀ ਧਾਰਾ 318 (ਧੋਖਾਦੇਹੀ) ਤੇ ਇਮੀਗ੍ਰੇਸ਼ਨ ਐਕਟ ਦੇ ਸੰਬੰਧਿਤ ਉਪਬੰਧਾਂ ਅਧੀਨ 7 ਵਿਅਕਤੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ ਮੰਤਰਾਲਾ ਤੋਂ ਜਾਇਜ਼ ਲਾਇਸੈਂਸ ਲਏ ਬਿਨਾਂ ਹੀ ਵਿਦੇਸ਼ੀ ਨੌਕਰੀਆਂ ਲਈ ਭਰਤੀ ਕਰ ਰਹੇ ਸਨ।
