

ਆਈਐਮਏ ਪਟਿਆਲਾ ਦੇਸ਼ ਦੀਆਂ ਸੇਵਾਵਾਂ ਲਈ ਤੱਤਪਰ ਹੈ - ਆਈਐਮਏ ਪਟਿਆਲਾ ਹਰ ਵੇਲੇ ਦੇਸ਼ ਲਈ ਮੂਹਰੇ ਹੋ ਕੇ ਸੇਵਾਵਾਂ ਦੇਵੇਗਾ ਪਟਿਆਲਾ 7 ਮਈ : ਆਈਐਮਏ ਪਟਿਆਲਾ ਨੇ ਅੱਜ ਸਿਵਲ ਸਰਜਨ ਪਟਿਆਲਾ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਪਾਕਿਸਤਾਨ ਨਾਲ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਵਧਦੇ ਤਣਾਅ ਦੇ ਮੌਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦਿਆ ਗੱਲਬਾਤ ਹੋਈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਪਟਿਆਲਾ ਦੀ ਪ੍ਰਧਾਨ ਡਾ ਨਿਧੀ ਬਾਂਸਲ ਨੇ ਸਰਕਾਰ ਨੂੰ, ਹਰੇਕ ਮੈਂਬਰ ਵੱਲੋਂ, ਐਮਰਜੈਂਸੀ ਬੈੱਡ, ਉਪਕਰਣਾਂ, ਮੈਡੀਕਲ ਅਫਸਰਾਂ ਅਤੇ ਐਮਰਜੈਂਸੀ ਦਵਾਈਆਂ ਦੀ ਸਪਲਾਈ ਦੇ ਸੰਬੰਧ ਵਿੱਚ ਕਿਸੇ ਵੀ ਸਮੇਂ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ। ਡਾ. ਨਿਧੀ ਬਾਂਸਲ ਨੇ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨ ਦੀ ਆਈਐਮਏ ਦੀ ਵਚਨਬੱਧਤਾ ਨੂੰ ਦੁਹਰਾਇਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਐਮਰਜੈਂਸੀ ਮੈਡੀਕਲ ਸੇਵਾਵਾਂ ਪ੍ਰਭਾਵਿਤ ਨਾ ਹੋਣ ਅਤੇ ਕਿਸੇ ਵੀ ਜੰਗ ਵੇਲੇ ਬਦਕਿਸਮਤੀ ਨਾਲ ਹੋਣ ਵਾਲੇ ਕਿਸੇ ਦੇ ਵੀ ਸ਼ਰੀਰਕ ਨੁਕਸਾਨ ਮਗਰੋਂ ਨਿੱਜੀ ਖੇਤਰ ਦੇ ਹਸਪਤਾਲਾਂ ਸਮੇਤ ਵੱਡੇ ਕਾਰਪੋਰੇਟ ਹਸਪਤਾਲਾਂ ਤੋਂ ਹਰ ਸੰਭਵ ਸਹਾਇਤਾ ਦਿਵਾਉਣ ਦਾ ਵੀ ਵਾਅਦਾ ਕੀਤਾ। ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਵੱਲੋਂ ਅੱਜ ਬੁਲਾਈ ਗਈ ਇਸ ਮੀਟਿੰਗ ਵਿੱਚ ਉਨ੍ਹਾਂ ਆਈਐਮਏ ਦੇ ਅਹੁਦੇਦਾਰਾਂ ਨੂੰ ਮੌਜੂਦਾ ਸਥਿਤੀ ਬਾਰੇ ਜਾਗਰੂਕ ਕੀਤਾ ਅਤੇ ਸਾਰੇ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਤੋਂ ਮੌਕ ਡ੍ਰਿਲਸ ਅਤੇ ਬਲੈਕਆਊਟ ਡ੍ਰਿਲਸ ਦੌਰਾਨ ਪੂਰੀ ਸਹਾਇਤਾ ਅਤੇ ਸਹਿਯੋਗ ਦੇਣ ਦੀ ਬੇਨਤੀ ਕੀਤੀ । ਉਨ੍ਹਾਂ ਆਈਐਮਏ ਦੀ ਟੀਮ ਨੂੰ ਲੋੜ ਪੈਣ ਤੇ ਬੁਨਿਆਦੀ ਢਾਂਚੇ, ਐਮਰਜੈਂਸੀ ਬੈੱਡਾਂ, ਟਰੌਮਾ ਬੈੱਡਾਂ, ਬੈਕਅੱਪ ਸੇਵਾਵਾਂ ਅਤੇ ਐਂਬੂਲੈਂਸ ਸੇਵਾਵਾਂ ਦਾ ਪੂਰਾ ਡੇਟਾ ਪ੍ਰਦਾਨ ਕਰਨ ਅਤੇ ਹਰੇਕ ਹਸਪਤਾਲ ਦੇ ਨੋਡਲ ਅਫਸਰ ਦੇ ਨਾਲ ਹਰੇਕ ਹਸਪਤਾਲ ਵਿੱਚ ਉਪਲਬਧ ਐਮਰਜੈਂਸੀ ਮੈਡੀਕਲ ਅਫਸਰਾਂ, ਇੰਟੈਂਸੀਵਿਟਸ ਅਤੇ ਟਰੌਮਾ ਮੈਨੇਜਮੈਂਟ ਟੀਮਾਂ ਦੀ ਸੂਚੀ ਦੇਣ ਲਈ ਵੀ ਕਿਹਾ । ਇਸ ਮੌਕੇ ਸਕੱਤਰ ਡਾ ਅਮਨਦੀਪ ਬਖਸ਼ੀ ਨੇ ਮੀਡੀਆ ਨੂੰ ਦੱਸਿਆ ਕਿ ਸਮੂਹ ਮੈਂਬਰਾਂ ਵਲੋਂ ਹਰ ਸੰਭਵ ਤਰੀਕੇ ਨਾਲ ਬਿਨਾਂ ਸ਼ਰਤ ਸਹਾਇਤਾ ਦਿੱਤੀ ਜਾਵੇਗੀ। ਡਾ ਨਿਧੀ ਬਾਂਸਲ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਹੀ ਸਿਵਲ ਸਰਜਨ ਦਫ਼ਤਰ ਨੂੰ ਸਾਰਾ ਲੋੜੀਂਦਾ ਡੇਟਾ ਸਪਲਾਈ ਕਰ ਦਿੱਤਾ ਗਿਆ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲਈ ਤਿਆਰ ਬਰ ਤਿਆਰ ਰਹਿਣ ਦੀ ਗੱਲ ਵੀ ਆਖੀ ਹੈ। ਇਸ ਮੀਟਿੰਗ ਦੌਰਾਨ ਆਈ ਐਮ ਆਈ ਦੇ ਸਾਬਕਾ ਪ੍ਰਧਾਨ ਡਾ ਜੇ ਪੀ ਐਸ ਸੋਢੀ ਅਤੇ ਅਤੇ ਡਾ ਹਰਸਿਮਰਨ ਤੁਲੀ ਦੇ ਨਾਲ ਵੱਡੇ ਕਾਰਪੋਰੇਟ ਹਸਪਤਾਲਾਂ ਦੇ ਨੁਮਾਇਦੇ ਵੀ ਮੌਜੂਦ ਰਹੇ ।