post

Jasbeer Singh

(Chief Editor)

Punjab

ਬੱਚਿਆਂ ਦੇ ਆਧਾਰ ਕਾਰਡ ਸਮੇਂ-ਸਮੇਂ ’ਤੇ ਅੱਪਡੇਟ ਕਰਵਾਉਣਾ ਅਤਿ ਜ਼ਰੂਰੀ : ਸੁਰਿੰਦਰ ਕੌਰ

post-img

ਬੱਚਿਆਂ ਦੇ ਆਧਾਰ ਕਾਰਡ ਸਮੇਂ-ਸਮੇਂ ’ਤੇ ਅੱਪਡੇਟ ਕਰਵਾਉਣਾ ਅਤਿ ਜ਼ਰੂਰੀ : ਸੁਰਿੰਦਰ ਕੌਰ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ 5 ਤੋਂ 7 ਸਾਲ ਅਤੇ 15 ਤੋਂ 17 ਸਾਲ ਦੇ ਬੱਚਿਆਂ ਲਈ ਆਧਾਰ ਬਾਇਓਮੀਟ੍ਰਿਕ ਅੱਪਡੇਟ ਕਰਨ ਦੀ ਸਹੂਲਤ ਮੁਫ਼ਤ ਤੇ ਲਾਜਮੀ ਮਾਲੇਰਕੋਟਲਾ, 29 ਦਸੰਬਰ 2025 : ਮੁੱਖ ਮੰਤਰੀ ਫੀਲਡ ਅਫ਼ਸਰ ਕਮ ਐਸ.ਡੀ.ਐਮ. ਅਮਰਗੜ੍ਹ ਸੁਰਿੰਦਰ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਅਤੇ ਆਪਣੇ ਬੱਚਿਆਂ ਦੇ ਆਧਾਰ ਕਾਰਡ ਸਮੇਂ-ਸਮੇਂ ’ਤੇ ਅੱਪਡੇਟ ਕਰਵਾਉਣ ਤਾਂ ਜੋ ਵੱਖ-ਵੱਖ ਸਰਕਾਰੀ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਲੈਣ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅੱਪਡੇਟ ਨਾ ਹੋਣ ਦੀ ਸੂਰਤ ਵਿੱਚ ਨਾਗਰਿਕਾਂ ਨੂੰ ਕਈ ਸਹੂਲਤਾਂ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ । ਉਨ੍ਹਾਂ ਦੱਸਿਆ ਕਿ ਯੂ.ਆਈ.ਡੀ.ਏ.ਆਈ ਦੀਆਂ ਹਦਾਇਤਾਂ ਅਨੁਸਾਰ 5 ਤੋਂ 7 ਸਾਲ ਅਤੇ 15 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਦਾ ਆਧਾਰ ਕਾਰਡ ਬਾਇਓਮੀਟ੍ਰਿਕ (ਫਿੰਗਰਪ੍ਰਿੰਟ, ਆਇਰਿਸ ਅਤੇ ਚਿਹਰਾ) ਅੱਪਡੇਟ ਕਰਵਾਉਣਾ ਲਾਜ਼ਮੀ ਹੈ । ਇਹ ਸੇਵਾ ਜ਼ਿਲ੍ਹੇ ਦੇ ਸਮੁੱਚੇ 9 ਸੇਵਾ ਕੇਂਦਰਾਂ ਵਿੱਚ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਅਤੇ ਆਧਾਰ ਸੇਵਾ ਕੇਂਦਰਾਂ ’ਤੇ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ ਤਾਂ ਜੋ ਸੰਬੰਧਤ ਉਮਰ ਵਰਗ ਦੇ ਬੱਚੇ ਆਸਾਨੀ ਨਾਲ ਆਪਣਾ ਆਧਾਰ ਅੱਪਡੇਟ ਕਰਵਾ ਸਕਣ । ਸੁਰਿੰਦਰ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਨ੍ਹਾਂ 10 ਸਾਲ ਤੋਂ ਪੁਰਾਣੇ ਆਧਾਰ ਕਾਰਡਾਂ ਨੂੰ ਵੀ ਅੱਪਡੇਟ ਕਰਵਾਉਣਾ ਜ਼ਰੂਰੀ ਹੈ, ਜਿਸ ਵਿੱਚ ਬਾਇਓਮੀਟ੍ਰਿਕ ਦੇ ਨਾਲ-ਨਾਲ ਪਤੇ ਦਾ ਸਬੂਤ ਵੀ ਅੱਪਡੇਟ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਬਾਈਲ ਨੰਬਰ ਅਤੇ ਦਸਤਾਵੇਜ਼ਾਂ ਨੂੰ ਆਧਾਰ ਨਾਲ ਅੱਪਡੇਟ ਰੱਖਣ ਤਾਂ ਜੋ ਡੀਬੀਟੀ ਸਮੇਤ ਹੋਰ ਸਰਕਾਰੀ ਸਹੂਲਤਾਂ ਦਾ ਨਿਰਵਿਘਨ ਲਾਭ ਮਿਲ ਸਕੇ । ਇਸ ਮੌਕੇ ਜ਼ਿਲ੍ਹਾ ਆਈ.ਟੀ. ਮੈਨੇਜਰ ਮੋਨਿਕਾ ਸਿੰਗਲਾ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਦਾ ਆਧਾਰ ਕਾਰਡ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਬਣਾਇਆ ਗਿਆ ਸੀ, ਉਨ੍ਹਾਂ ਲਈ 5 ਤੋਂ 7 ਸਾਲ ਦੀ ਉਮਰ ਦੌਰਾਨ ਬਾਇਓਮੀਟ੍ਰਿਕ ਅੱਪਡੇਟ ਕਰਵਾਉਣਾ ਲਾਜ਼ਮੀ ਹੈ, ਨਹੀਂ ਤਾਂ ਆਧਾਰ ਨੰਬਰ ਅਯੋਗ ਮੰਨਿਆ ਜਾ ਸਕਦਾ ਹੈ। 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਸਿਰਫ਼ ਡੈਮੋਗ੍ਰਾਫਿਕ ਜਾਣਕਾਰੀ ਦਾ ਅੱਪਡੇਟ ਮੁਫ਼ਤ ਹੈ, ਜਦਕਿ 15 ਤੋਂ 17 ਸਾਲ ਦੀ ਉਮਰ ਵਿੱਚ ਦੂਜਾ ਬਾਇਓਮੀਟ੍ਰਿਕ ਅੱਪਡੇਟ ਵੀ ਮੁਫ਼ਤ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਬੱਚਿਆਂ ਦੇ ਆਧਾਰ ਅੱਪਡੇਟ ਸਕੂਲ ਦਾਖਲੇ, ਪ੍ਰੀਖਿਆਵਾਂ, ਸਕਾਲਰਸ਼ਿਪ ਅਤੇ ਹੋਰ ਸਰਕਾਰੀ ਸਕੀਮਾਂ ਲਈ ਬਹੁਤ ਅਹਿਮ ਹਨ। ਇਸ ਲਈ ਸਾਰੇ ਮਾਪੇ ਆਪਣੇ ਬੱਚਿਆਂ ਦੇ ਆਧਾਰ ਕਾਰਡ ਜਲਦ ਤੋਂ ਜਲਦ ਅੱਪਡੇਟ ਕਰਵਾਉਣ ਲਈ ਨੇੜਲੇ ਸੇਵਾ ਕੇਂਦਰ ਨਾਲ ਸੰਪਰਕ ਕਰਨ ।

Related Post

Instagram