ਮਹਾਰਾਸ਼ਟਰ ਸਰਕਾਰ ਨੇ ਕੋਰਟ ਨੂੰ ਕਿਹਾ ਪੈਰੋਲ ਮਿਲਣ `ਤੇ ਭੱਜ ਸਕਦੈ ਅਬੂ ਸਲੇਮ
- by Jasbeer Singh
- January 21, 2026
ਮਹਾਰਾਸ਼ਟਰ ਸਰਕਾਰ ਨੇ ਕੋਰਟ ਨੂੰ ਕਿਹਾ ਪੈਰੋਲ ਮਿਲਣ `ਤੇ ਭੱਜ ਸਕਦੈ ਅਬੂ ਸਲੇਮ ਮੁੰਬਈ, 21 ਜਨਵਰੀ 2026 : ਮਹਾਰਾਸ਼ਟਰ ਸਰਕਾਰ ਨੇ ਲੰਘੇ ਦਿਨੀਂ ਗੈਂਗਸਟਰ ਅਬੂ ਸਲੇਮ ਦੀ ਪੈਰੋਲ ਦਾ ਵਿਰੋਧ ਕਰਦੇ ਹੋਏ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ 1993 ਦੇ ਬੰਬ ਧਮਾਕਿਆਂ ਦਾ ਦੋਸ਼ੀ ਫਰਾਰ ਹੋ ਸਕਦਾ ਹੈ, ਜਿਸ ਨਾਲ ਭਾਰਤ ਤੇ ਪੁਰਤਗਾਲ ਵਿਚਾਲੇ ਕੂਟਨੀਤਿਕ ਤਣਾਅ ਪੈਦਾ ਹੋ ਸਕਦਾ ਹੈ । ਕਦੋਂ ਲਿਆਂਦਾ ਗਿਆ ਸੀ ਸਲੇਮ ਨੂੰ ਪੁਰਤਗਾਲ ਤੋਂ ਸਲੇਮ ਨੂੰ 2005 ਵਿਚ ਪੁਰਤਗਾਲ ਤੋਂ ਭਾਰਤ ਲਿਆਂਦਾ ਗਿਆ ਸੀ। ਉਸ ਨੇ ਨਵੰਬਰ 2025 ਵਿਚ ਆਪਣੇ ਵੱਡੇ ਭਰਾ ਅਬੂ ਹਕੀਮ ਅੰਸਾਰੀ ਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜਾਣ ਲਈ 14 ਦਿਨਾਂ ਦੀ ਪੈਰੋਲ ਮੰਗੀ ਸੀ । ਜਸਟਿਸ ਏ. ਐੱਸ. ਗਡਕਰੀ ਤੇ ਜਸਟਿਸ ਸ਼ਿਆਮ ਚਾਂਡਕ ਦੀ ਬੈਂਚ ਦੇ ਸਾਹਮਣੇ ਦਾਇਰ ਹਲਫ਼ਨਾਮੇ ਅਨੁਸਾਰ ਸੂਬਾ ਸਰਕਾਰ ਨੇ ਕਿਹਾ ਕਿ ਵੱਧ ਤੋਂ ਵੱਧ 2 ਦਿਨਾਂ ਦੀ ਐਮਰਜੈਂਸੀ ਪੈਰੋਲ ਦਿੱਤੀ ਜਾ ਸਕਦੀ ਹੈ। ਜੇਲ ਅਧਿਕਾਰੀ ਸੁਹਾਸ ਵਰਕੇ ਨੇ ਅਦਾਲਤ ਵਿਚ ਦਾਇਰ ਹਲਫ਼ਨਾਮੇ ਵਿਚ ਕਿਹਾ ਕਿ ਜੇਕਰ ਪਟੀਸ਼ਨਰ (ਸਲੇਮ) ਨੂੰ ਪੈਰੋਲ ਦਿੱਤੀ ਜਾਂਦੀ ਹੈ ਤਾਂ ਉਹ ਫਿਰ ਤੋਂ ਭੱਜ ਜਾਵੇਗਾ, ਜਿਵੇਂ ਕਿ ਉਸ ਨੇ 1993 ਵਿਚ ਕੀਤਾ ਸੀ।
