ਤ੍ਰਿਪੁਰਾ ਚ 100 ਕਰੋੜ ਰੁਪਏ ਦੇ ਗਾਂਜੇ ਦੇ ਪੌਦੇ ਨਸ਼ਟ ਕੀਤੇ ਅਗਰਤਲਾ, 5 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਤ੍ਰਿਪੁਰਾ ਚ ਸਿਪਾਹੀਜਾਲਾ ਜ਼ਿਲੇ ਦੀਆਂ ਵੱਖ-ਵੱਖ ਥਾਵਾਂ ਤੇ 100 ਕਰੋੜ ਰੁਪਏ ਦੀ ਕੀਮਤ ਦੇ ਗਾਂਜੇ ਦੇ ਕੁੱਲ 19 ਲੱਖ ਪੌਦਿਆਂ ਨੂੰ ਨਸ਼ਟ ਕੀਤਾ ਗਿਆ ਹੈ। ਸੂਬਾ ਪੁਲਸ, ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਅਤੇ ਤ੍ਰਿਪੁਰਾ ਸਟੇਟ ਰਾਈਫਲਜ਼ (ਟੀ. ਐੱਸ. ਆਰ.) ਦੀ ਸਾਂਝੀ ਟੀਮ ਨੇ ਇਹ ਮੁਹਿੰਮ ਚਲਾਈ। 600 ਕਰਮਚਾਰੀਆਂ ਦੀ ਸਾਂਝੀ ਫੋਰਸ ਨੇ ਚਲਾਈ ਸੀ ਮੁਹਿੰਮ ਪ੍ਰਾਪਤ ਸੂਚਨਾ ਦੇ ਆਧਾਰ ਤੇ 600 ਕਰਮਚਾਰੀਆਂ ਦੀ ਸਾਂਝੀ ਫੋਰਸ ਨੇ ਉੱਤਰੀ ਤੇ ਦੱਖਣੀ ਕਲਮਚੌਰਾ, ਆਨੰਦਪੁਰ ਅਤੇ ਘਾਟੀਗੜ੍ਹ ਖੇਤਰਾਂ ਚ 650 ਏਕੜ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਗਾਂਜਾ-ਵਿਰੋਧੀ ਮੁਹਿੰਮ ਚਲਾਈ । ਸਿਪਾਹੀਜਾਲਾ ਜ਼ਿਲੇ ਦੇ ਵਧੀਕ ਪੁਲਸ ਸੁਪਰਡੈਂਟ ਰਾਜੀਬ ਸੂਤਰਧਾਰ ਨੇ ਕਿਹਾ ਕਿ ਗਾਂਜਾ-ਵਿਰੋਧੀ ਮੁਹਿੰਮ ਜਾਰੀ ਰਹੇਗੀ ।" ਸੋਨਾਮੁਰਾ ਥਾਣੇ ਦੇ ਇੰਚਾਰਜ ਤਪਨ ਦਾਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਗਾਂਜਾ ਉਗਾਇਆ ਸੀ। ਇਸ ਮਾਮਲੇ ਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ।
