post

Jasbeer Singh

(Chief Editor)

Patiala News

ਮੇਰਾ ਪਟਿਆਲਾ ਮੈਂ ਹੀ ਸਵਾਰਾਂ ਟੀਮ ਨੂੰ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ 'ਚ ਭਰਵਾਂ ਹੁੰਗਾਰਾ

post-img

ਮੇਰਾ ਪਟਿਆਲਾ ਮੈਂ ਹੀ ਸਵਾਰਾਂ ਟੀਮ ਨੂੰ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ 'ਚ ਭਰਵਾਂ ਹੁੰਗਾਰਾ -8000 ਲੋਕਾਂ ਵੱਲੋਂ ਖੁੱਲ੍ਹੇ 'ਚ ਕੂੜਾ ਨਾ ਸੁੱਟਣ ਤੇ ਪਟਿਆਲਾ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰਣ ਕਰਨ ਦੇ ਦਸਤਖ਼ਤ -ਮੇਲੇ 'ਚ ਆਉਣ ਵਾਲੇ ਦਰਸ਼ਕਾਂ ਨੂੰ ਪਟਿਆਲਾ ਨੂੰ ਪਲਾਸਟਿਕ ਤੇ ਕੂੜਾ ਮੁਕਤ ਕਰਨ ਲਈ ਪ੍ਰੇਰ ਰਹੇ ਹਨ ਦੋ ਦਰਜਨ ਵਾਰੀਅਰਜ਼ -ਵਿੱਤ ਮੰਤਰੀ ਚੀਮਾ, ਡਿਪਟੀ ਕਮਿਸ਼ਨਰ ਸਮੇਤ ਏ.ਡੀ.ਸੀ. ਤੇ ਪਟਿਆਲਵੀਆਂ ਵੱਲੋਂ ਉਪਰਾਲੇ ਦੀ ਸ਼ਲਾਘਾ ਪਟਿਆਲਾ, 27 ਫਰਵਰੀ 2026 : ਪਟਿਆਲਾ ਸ਼ਹਿਰ ਵਿੱਚ ਪਲਾਸਟਿਕ ਦੇ ਲਿਫ਼ਾਫੇ ਚੁੱਕ ਕੇ ਸੜਕਾਂ ਤੇ ਹੋਰ ਆਲੇ ਦੁਆਲੇ ਨੂੰ ਸਾਫ਼-ਸੁਥਰਾ ਕਰਨ ਲਈ ਲੱਗੇ ਪਟਿਆਲਵੀਆਂ ਦੀ 'ਮੇਰਾ ਪਟਿਆਲਾ ਮੈਂ ਹੀ ਸਵਾਰਾਂ' ਮੁਹਿੰਮ ਦੇ ਵਾਰੀਅਰਜ਼ ਵੱਲੋਂ ਇੱਥੇ ਸ਼ੀਸ਼ ਮਹਿਲ ਵਿਖੇ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਦਰਸ਼ਕਾਂ ਨੂੰ ਪਟਿਆਲਾ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ, ਖੁੱਲ੍ਹੇ 'ਚ ਕੂੜਾ ਸੁੱਟਣ ਤੇ ਪਲਾਸਟਿਕ ਮੁਕਤ ਕਰਨ ਲਈ ਪ੍ਰਣ ਕਰਵਾਇਆ ਜਾ ਰਿਹਾ ਹੈ । 21 ਫਰਵਰੀ ਤੋਂ ਮੇਲੇ ਦੀ ਸ਼ੁਰੂਆਤ ਤੋਂ ਲੈਕੇ ਸ਼ੁੱਕਰਵਾਰ ਦੀ ਸ਼ਾਮ ਤੱਕ ਕਰੀਬ 8000 ਲੋਕਾਂ ਨੇ ਆਪਣੇ ਦਸਤਖ਼ਤ ਕਰਕੇ ਪਟਿਆਲਾ ਨੂੰ ਖੁੱਲ੍ਹੇ 'ਚ ਕੂੜਾ ਸੁੱਟਣ ਅਤੇ ਪਲਾਸਟਿਕ ਦੇ ਕੂੜੇ ਤੋਂ ਰਹਿਤ ਕਰਨ ਦਾ ਪ੍ਰਣ ਕੀਤਾ ਹੈ । ਮੇਲੇ ਦਾ ਉਦਘਾਟਨ ਕਰਨ ਪੁੱਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਏ.ਡੀ.ਸੀ. ਤੇ ਨੋਡਲ ਅਫ਼ਸਰ ਦਮਨਜੀਤ ਸਿੰਘ ਮਾਨ ਸਮੇਤ ਵੱਡੀ ਗਿਣਤੀ ਦਰਸ਼ਕਾਂ ਨੇ 'ਮੇਰਾ ਪਟਿਆਲਾ ਮੈਂ ਹੀ ਸਵਾਰਾਂ' ਮੁਹਿੰਮ ਦੇ ਵਾਰੀਅਰਜ਼ ਦੀ ਸ਼ਲਾਘਾ ਕੀਤੀ ਹੈ । ਉਨ੍ਹਾਂ ਕਿਹਾ ਕਿ ਪਟਿਆਲਵੀਆਂ ਵੱਲੋਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਅੱਗੇ ਆਉਣਾ ਬਹੁਤ ਹੀ ਨੇਕ ਕਾਰਜ ਹੈ, ਜਿਸ ਲਈ ਸਾਰੇ ਵਸਨੀਕਾਂ ਨੂੰ ਇਸ ਮੁਹਿੰਮ ਦਾ ਸਾਥ ਦੇਣਾ ਚਾਹੀਦਾ ਹੈ । ਲੋਕਾਂ ਤੋਂ ਪਟਿਆਲਾ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰਣ ਕਰਵਾ ਰਹੇ ਐਚ. ਪੀ. ਐਸ. ਲਾਂਬਾ, ਕਰਨਲ ਕਰਮਿੰਦਰ ਸਿੰਘ, ਕਰਨਲ ਸੰਜੀਵ ਸਲਵਾਨ, ਐਸ. ਸੀ. ਮੱਕੜ, ਕੈਪਟਨ ਸੁਖਜੀਤ ਕੌਰ, ਸਿਮਰਨ ਹਰੀਕਾ, ਜਸਪ੍ਰੀਤ ਲੂਥਰਾ, ਰਕੇਸ਼ ਕੱਦ, ਪ੍ਰਵੇੇਸ਼ ਮੰਗਲਾ, ਨੀਤੂ ਚੋਪੜਾ, ਸਾਕਸ਼ੀ ਗੋਇਲ, ਰਾਣਾ ਫੂਲਕਾ, ਰਵੀ ਚਾਵਲਾ, ਅਜੀਤਪਾਲ ਸਿੰਘ ਗਿੱਲ, ਉਪਿੰਦਰ ਸ਼ਰਮਾ, ਜਸਵੀਰ ਸਿੰਘ, ਆਸ਼ੂ ਕਥੂਰੀਆ, ਰਣਵਿਜੇ ਸਿੰਘ ਗਿੱਲ, ਨਵਰੀਤ, ਅਮਨ ਸੰਧੂ, ਗੁਰਪ੍ਰੀਤ ਦੁਲਟ, ਵਰੁਣ ਕੌਸ਼ਲ, ਗਰਿਮਾ ਸਮੇਤ ਹੋਰ ਵਾਰੀਅਰਜ਼ ਨੇ ਦੱਸਿਆ ਕਿ ਉਨ੍ਹਾਂ ਨੇ 20 ਸਤੰਬਰ ਤੋਂ ਸ਼ੁਰੂ ਕੀਤੀ ਮੁਹਿੰਮ ਦੌਰਾਨ 45 ਦੇ ਕਰੀਬ ਡਰਾਇਵਾਂ ਚਲਾ ਕੇ ਹੁਣ ਤੱਕ ਕਈ ਟਨ ਕੂੜਾ ਤੇ ਪਲਾਸਟਿਕ ਇਕੱਠਾ ਕੀਤਾ ਹੈ । ਉਨ੍ਹਾਂ ਕਿਹਾ ਕਿ ਸਖੀ ਸ਼ਕਤੀ ਕਰਾਫ਼ਟ ਮੇਲਾ ਇੱਕ ਵੱਡਾ ਮੰਚ ਸਾਬਤ ਹੋਇਆ ਹੈ ਅਤੇ ਇੱਥੇ ਆਉਣ ਵਾਲੇ ਦਰਸ਼ਕਾਂ ਨੂੰ ਉਹ ਪਟਿਆਲਾ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਕਰ ਰਹੇ ਹਨ । ਇਸ ਤੋਂ ਬਿਨ੍ਹਾਂ ਸ਼ਹਿਰ 'ਚ ਆਮ ਲੋਕਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਘੱਟੋ-ਘੱਟ ਸਾਡੀ ਅਗਲੀ ਪੀੜ੍ਹੀ ਹੀ ਪਲਾਸਟਿਕ ਦਾ ਕੂੜਾ-ਕਚਰਾ ਤੇ ਰੈਪਰ ਆਦਿ ਲਿਫਾਫ਼ੇ ਸੜਕਾਂ ਕਿਨਾਰੇ ਨਾ ਸੁੱਟਣ ਤੇ ਸਫ਼ਾਈ ਪਸੰਦ ਬਣ ਜਾਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਹ ਚਾਹ, ਫਰੂਟ ਤੇ ਫੂਡ ਵੈਂਡਰਜ ਨੂੰ ਹੁਣ ਤੱਕ 100 ਡਸਟਬਿਨ ਦਾਨ ਕਰ ਚੁੱਕੇ ਹਨ, ਤਾਂ ਕਿ ਕੂੜਾ ਸੜਕਾਂ ਕਿਨਾਰੇ ਨਾ ਸੁੱਟਿਆ ਜਾਵੇ ।

Related Post

Instagram