post

Jasbeer Singh

(Chief Editor)

Punjab

ਲਾਪਤਾ ਨਾਬਾਲਿਗ ਲੜਕੀ ਨੂੰ ਸੁਰੱਖਿਅਤ ਤੌਰ ‘ਤੇ ਪੱਛਮੀ ਬੰਗਾਲ ਵਿਖੇ ਮਾਪਿਆਂ ਨਾਲ ਮਿਲਾਇਆ ਗਿਆ

post-img

ਲਾਪਤਾ ਨਾਬਾਲਿਗ ਲੜਕੀ ਨੂੰ ਸੁਰੱਖਿਅਤ ਤੌਰ ‘ਤੇ ਪੱਛਮੀ ਬੰਗਾਲ ਵਿਖੇ ਮਾਪਿਆਂ ਨਾਲ ਮਿਲਾਇਆ ਗਿਆ ਬਾਲ ਸੁਰੱਖਿਆ ਮਾਮਲਿਆਂ ‘ਚ ਜਨਤਾ ਨੂੰ ਸਚੇਤ ਰਹਿਣ ਦੀ ਅਪੀਲ ਮਾਲੇਰਕੋਟਲਾ, 17 ਫਰਵਰੀ 2026 : ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਦੀਆਂ ਹਦਾਇਤਾਂ ਅਨੁਸਾਰ ਬਾਲ ਸੁਰੱਖਿਆ ਵਿਭਾਗ ਵੱਲੋਂ ਇੱਕ ਲਾਪਤਾ ਨਾਬਾਲਿਗ ਲੜਕੀ (ਮੂਲ ਨਿਵਾਸੀ ਪੱਛਮੀ ਬੰਗਾਲ) ਨੂੰ ਸੁਰੱਖਿਅਤ ਤੌਰ ‘ਤੇ ਉਸਦੇ ਮਾਪਿਆਂ ਨਾਲ ਮਿਲਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ । ਬਾਲ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 22 ਨਵੰਬਰ ਨੂੰ ਸ਼ਰਮੀਲਾ ਨਾਮਕ ਨਾਬਾਲਿਗ ਲੜਕੀ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ। ਬਾਅਦ ਵਿੱਚ ਉਹ ਜ਼ਿਲ੍ਹਾ ਮਾਲੇਰਕੋਟਲਾ ਦੇ ਕੁੱਪ ਕਲਾ ਖੇਤਰ ਵਿੱਚ ਮੁਸ਼ਕਿਲ ਹਾਲਾਤਾਂ ਵਿੱਚ ਪੁਲਿਸ ਨੂੰ ਮਿਲੀ। ਇਸ ਸਬੰਧੀ ਸੂਚਨਾ ਤੁਰੰਤ ਚਾਈਲਡਲਾਈਨ ਮਾਲੇਰਕੋਟਲਾ ਦੀ ਸਥਾਨਕ ਟੀਮ ਨੂੰ ਦਿੱਤੀ ਗਈ, ਜਿਸ ਉਪਰੰਤ ਬੱਚੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਉਸਨੂੰ ਤੁਰੰਤ ਰੈਸਕਿਊ ਕਰ ਲਿਆ ਗਿਆ । ਟੀਮ ਵੱਲੋਂ ਚਾਈਲਡ ਵੈਲਫੇਅਰ ਕਮੇਟੀ ਮਾਲੇਰਕੋਟਲਾ ਦੇ ਆਦੇਸ਼ਾਂ ਅਨੁਸਾਰ ਬੱਚੀ ਨੂੰ ਅਸਥਾਈ ਤੌਰ ‘ਤੇ ਬਾਲ ਸੰਭਾਲ ਕੇਂਦਰ, ਜਲੰਧਰ ਵਿਖੇ ਸ਼ਿਫਟ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੀ ਟੀਮ ਵੱਲੋਂ ਲਗਾਤਾਰ ਉਪਰਾਲੇ ਕਰਦੇ ਹੋਏ ਲੜਕੀ ਦੇ ਪਰਿਵਾਰ ਦੀ ਪਛਾਣ ਅਤੇ ਸੰਪਰਕ ਸਥਾਪਿਤ ਕੀਤਾ ਗਿਆ । ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੰਬੰਧਿਤ ਰਾਜ ਅਧਿਕਾਰੀਆਂ ਨਾਲ ਤਾਲਮੇਲ ਕਰਦਿਆਂ ਕੇਸ ਨੂੰ ਚਾਈਲਡ ਵੈਲਫੇਅਰ ਕਮੇਟੀ ਕੋਲਕਾਤਾ ਨਾਲ ਵੀ ਸਾਂਝਾ ਕੀਤਾ ਗਿਆ, ਤਾਂ ਜੋ ਬੱਚੀ ਨੂੰ ਉਸਦੇ ਮਾਪਿਆਂ ਨਾਲ ਮਿਲਾਇਆ ਜਾ ਸਕੇ। ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਅਤੇ ਲਗਾਤਾਰ ਤਾਲਮੇਲ ਬਰਕਰਾਰ ਰੱਖਣ ਤੋਂ ਬਾਅਦ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਦੇਖਰੇਖ ਹੇਠ ਬੱਚੀ ਨੂੰ ਸੁਰੱਖਿਅਤ ਤੌਰ ‘ਤੇ ਪੱਛਮੀ ਬੰਗਾਲ, ਕੋਲਕਾਤਾ ਪਹੁੰਚਾ ਕੇ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ । ਇਸ ਮੌਕੇ ਐਸ. ਆਈ. ਬਲਜਿੰਦਰ ਕੌਰ, ਮੋਹਨ ਸਿੰਘ, ਗਾਂਧੀ ਵਨੀਤਾ ਆਸ਼ਰਮ ਜਲੰਧਰ ਦੀ ਟੀਮ, ਜ਼ਿਲ੍ਹਾ ਪੁਲਿਸ ਵਿਭਾਗ ਅਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਸਰਾਹਣਯੋਗ ਭੂਮਿਕਾ ਨਿਭਾਈ ਗਈ । ਜ਼ਿਲ੍ਹਾ ਪ੍ਰਸ਼ਾਸਨ ਅਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਇਸ ਸਫਲ ਕਾਰਵਾਈ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਵਿਭਾਗਾਂ ਦਾ ਧੰਨਵਾਦ ਕੀਤਾ ਗਿਆ ਹੈ । ਨਾਲ ਹੀ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਬੱਚੇ ਨਾਲ ਸੰਬੰਧਿਤ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਜਾਂ ਹੈਲਪਲਾਈਨ 1098 ‘ਤੇ ਸੰਪਰਕ ਕੀਤਾ ਜਾਵੇ, ਤਾਂ ਜੋ ਹਰ ਬੱਚੇ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ ।

Related Post

Instagram