ਵਿਧਾਇਕ ਕੁਲਵੰਤ ਸਿੰਘ ਨੇ ਵੰਡੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਦੇ ਚੈਕ ਮੋਹਾਲੀ, 18 ਅਪ੍ਰੈਲ 2026 : ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵਲੋਂ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਦੇ ਚੈਕ ਤਕਸੀਮ ਕੀਤੇ ਜਾਣ ਦਾ ਸਮਾਚਾਰ ਹੈ। ਕਿਹੜੇ ਕਿਹੜੇ ਪਿੰਡਾਂ ਦੇ ਸਰਪੰਚਾਂ ਨੂੰ ਦਿੱਤੇ ਗਏ ਹਨ ਚੈਕ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਲਈ ਜੋ ਅੱਜ ਚੈਕਾਂ ਦੀ ਵੰਡ ਕੀਤੀ ਹੈ ਉਹ ਮੋਹਾਲੀ ਦੇ ਪਿੰਡ ਤੜੌਲੀ, ਭਾਗੋ ਮਾਜਰਾ, ਰਾਏਪੁਰ, ਬਹਿਲੋਲਪੁਰ, ਬੜ ਮਾਜਰਾ ਕਲੋਨੀ, ਮੌਜਪੁਰ ਅਤੇ ਮਨਾਣਾ ਸਮੇਤ ਹੋਰ ਪਿੰਡ ਸ਼ਾਮਲ ਹਨ । ਉਨ੍ਹਾਂ ਦੱਸਿਆ ਕਿ ਇਹ ਚੈਕ ਪਿੰਡਾਂ ‘ਚ ਲਾਭਪਾਤਰੀਆਂ ਦੇ ਮਕਾਨਾਂ ਦੀ ਉਸਾਰੀ ਲਈ ਗ੍ਰਾਂਟਾਂ ਦੇ ਤੌਰ ਤੇ ਦਿੱਤੇ ਗਏ ਹਨ । ਸਕੂਲ-ਧਰਮਸ਼ਾਲਾ ਤੇ ਪਾਣੀ ਦੀ ਨਿਕਾਸੀ ਲਈ ਕਿੰਨੀ ਰਾਸ਼ੀ ਦੇ ਚੈਕ ਦਿੱਤੇ ਇਸ ਤੋਂ ਇਲਾਵਾ ਮਨਾਣਾ ਪਿੰਡ ‘ਚ ਸਕੂਲ ਦੇ ਕਮਰੇ ਦੀ ਉਸਾਰੀ ਲਈ 8 ਲੱਖ ਰੁਪਏ, ਕੈਲੋ ਪਿੰਡ ‘ਚ ਧਰਮਸ਼ਾਲਾ ਲਈ 5 ਲੱਖ ਰੁਪਏ ਅਤੇ ਝਾਂਮਪੁਰ ‘ਚ ਬਰਸਾਤੀ ਪਾਣੀ ਦੀ ਨਿਕਾਸੀ ਲਈ 6 ਲੱਖ ਰੁਪਏ ਦੇ ਚੈੱਕ ਵੀ ਸੌਂਪੇ । ਕੁਲਵੰਤ ਸਿੰਘ ਨੇ ਦੱਸਿਆ ਕਿ ਕੁੱਲ 18 ਲੱਖ ਰੁਪਏ ਦੀ ਰਕਮ 9 ਪਰਿਵਾਰਾਂ ਨੂੰ ਮਕਾਨਾਂ ਦੀ ਉਸਾਰੀ ਲਈ ਵੰਡੀ ਹੈ । ਕੀ ਆਖਿਆ ਵਿਧਾਇਕ ਕੁਲਵੰਤ ਸਿੰਘ ਨੇ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੋਹਾਲੀ ‘ਚ ਵੱਡੇ ਪੱਧਰ ’ਤੇ ਖੇਡ ਸਟੇਡੀਅਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕ ਭਲਾਈ ਲਈ ਵੱਡੇ ਫੈਸਲੇ ਕੀਤੇ ਜਾ ਰਹੇ ਹਨ ਅਤੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਵਿਚ ਕੀਤੇ ਜਾ ਰਹੇ ਹਨ ਵੱਡੇ ਸੁਧਾਰ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਲੋਕ ਨੇੜਲੇ ਹਸਪਤਾਲਾਂ ‘ਚ ਆਸਾਨੀ ਨਾਲ ਇਲਾਜ ਕਰਵਾ ਸਕਦੇ ਹਨ । ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ‘ਚ ਵੱਡੇ ਸੁਧਾਰ ਕੀਤੇ ਹਨ, ਜਿਸ ਕਾਰਨ ਹੁਣ ਵਧ ਰਹੀ ਗਿਣਤੀ ‘ਚ ਵਿਦਿਆਰਥੀ ਸਰਕਾਰੀ ਸਕੂਲਾਂ ‘ਚ ਦਾਖਲੇ ਲੈ ਰਹੇ ਹਨ। ਇਸ ਨਾਲ ਅਧਿਆਪਕਾਂ ਦਾ ਮਨੋਬਲ ਵੀ ਵਧਿਆ ਹੈ ਅਤੇ ਮਾਪਿਆਂ ‘ਚ ਵੀ ਸੰਤੁਸ਼ਟੀ ਦਾ ਮਾਹੌਲ ਬਣਿਆ ਹੈ ।
