ਪੰਜਾਬ ਸਰਕਾਰ ਦੇ ਕੰਮ ਦੇ ਆਧਾਰ `ਤੇ ਮੰਗਾਂਗੇ ਵੋਟਾਂ : ਭਗਵੰਤ ਮਾਨ
ਚੰਡੀਗੜ੍ਹ, 21 ਸਤੰਬਰ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਆਮ ਆਦਮੀ ਪਾਰਟੀ ਦੀ ਡੋਰ-ਟੂ-ਡੋਰ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ।
ਸਾਢੇ ਚਾਰ ਸਾਲਾਂ ਦਾ ਰਿਪੋਰਟ ਕਾਰਡ ਪਹੁੰਚਾਇਆ ਜਾਵੇਗਾ ਲੋਕਾਂ ਦੇ ਘਰ
`ਮਾਨ ਦਾ ਮੁਨਾਫ਼ਾ`ਨੂੰ ਮੁਹਿੰਮ ਦਾ ਕੇਂਦਰ ਬਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Punjab Government) ਦੇ ਸਾਢੇ 4 ਸਾਲਾਂ ਦੇ ਕੰਮਕਾਜ ਦਾ ਰਿਪੋਰਟ ਕਾਰਡ ਸਿੱਧਾ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ । ਘਰ-ਘਰ ਜਾ ਕੇ ਲੋਕਾਂ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ (Bhagwant Mann) ਨੇ ਦਾਅਵਾ ਕੀਤਾ ਕਿ ਮੁਫ਼ਤ ਬਿਜਲੀ, ਸਿਹਤ ਸੇਵਾਵਾਂ, ਸਿੱਖਿਆ ਅਤੇ `ਮਾਵਾਂ-ਧੀਆਂ ਸਤਿਕਾਰ ਯੋਜਨਾ`ਸਮੇਤ ਵੱਖ-ਵੱਖ ਸਰਕਾਰੀ ਯੋਜਨਾਵਾਂ ਨਾਲ ਪਰਿਵਾਰਾਂ ਨੂੰ ਆਰਥਿਕ ਲਾਭ ਮਿਲ ਰਿਹਾ ਹੈ ।
ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਕਰਵਾਏ ਜਾ ਰਹੇ ਹਨ ਫੰਡ ਉਪਲਬੱਧ
ਉਨ੍ਹਾਂ ਕਿਹਾ ਕਿ 2022 'ਚ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਤੋਂ ਹੋਣ ਵਾਲੀ ਬੱਚਤ ਦਾ ਆਪ ਹਿਸਾਬ ਲਾਉਣਾ ਚਾਹੀਦਾ ਹੈ । ਮਾਨ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਫੰਡ ਉਪਲਬਧ ਕਰਵਾਏ ਜਾ ਰਹੇ ਹਨ । ਪੰਚਾਇਤਾਂ ਦੇ ਜ਼ਰੀਏ ਗਲੀਆਂ-ਨਾਲੀਆਂ, ਪੀਣ ਵਾਲੇ ਪਾਣੀ, ਕਮਿਊਨਿਟੀ ਭਵਨ, ਖੇਡ ਮੈਦਾਨ, ਸਟ੍ਰੀਟ ਲਾਈਟਾਂ ਅਤੇ ਹੋਰ ਸਥਾਨਕ ਲੋੜਾਂ ਲਈ ਰਕਮ ਖ਼ਰਚੀ ਜਾ ਰਹੀ ਹੈ ।
ਆਪ ਪਾਰਟੀ ਆਪਣੇ ਕੰਮ ਨੂੰ ਆਧਾਰ ਬਣਾ ਕੇ ਜਾਵੇਗੀ ਲੋਕਾਂ ਦੇ ਵਿਚਕਾਰ
ਚੋਣ ਮੁਹਿੰਮ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਕੰਮ ਨੂੰ ਆਧਾਰ ਬਣਾ ਕੇ ਲੋਕਾਂ ਦੇ ਵਿਚਕਾਰ ਜਾਵੇਗੀ । ਉਨ੍ਹਾਂ ਅਨੁਸਾਰ ਪਾਰਟੀ ਦੇ ਵਰਕਰ ਅਤੇ ਉਮੀਦਵਾਰ ਪਰਿਵਾਰਾਂ ਨੂੰ ਹੋਈ ਬੱਚਤ, ਪਿੰਡਾਂ 'ਚ ਹੋਏ ਵਿਕਾਸ ਅਤੇ ਲੋਕ-ਹਿਤੈਸ਼ੀ ਯੋਜਨਾਵਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣਗੇ ।
