July 6, 2024 01:41:59
post

Jasbeer Singh

(Chief Editor)

Patiala News

ਸਿੱਖ ਧਾਰਮਿਕ ਸੰਸਥਾਵਾਂ ਨੂੰ ਆਰਐੱਸਐੱਸ ਦੇ ਕੰਟਰੋਲ ਤੋਂ ਮੁਕਤ ਕਰਨ ਮੋਦੀ : ਸੁਖਬੀਰ

post-img

ਸੋਮਵਾਰ ਨੂੰ ਸਿਖ਼ਰ ਦੁਪਹਿਰੇ 45 ਡਿਗਰੀ ਤੋਂ ਵੱਧ ਤਾਪਮਾਨ ਦੇ ਬਾਵਜੂਦ ਐੱਨਕੇ ਸ਼ਰਮਾ ਦੇ ਸ਼ਕਤੀ ਪ੍ਰਦਰਸ਼ਨ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਅੰਗਰੇਜ਼ ਵੀ ਸ਼੍ਰੋਮਣੀ ਕਮੇਟੀ ਨੂੰ ਤੋੜ ਨਹੀਂ ਸਕੇ ਪਰ ਕੇਂਦਰ ਸਰਕਾਰ ਨੇ ਅਜਿਹਾ ਕਰ ਦਿੱਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਸਿੱਖ ਧਾਰਮਿਕ ਸੰਸਥਾਵਾਂ ਨੂੰ ਆਰਐੱਸਐੱਸ) ਤੋਂ ਮੁਕਤੀ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਾਲ ’ਚ ਕਿਹਾ ਸੀ ਕਿ ਕਿਵੇਂ ਉਨ੍ਹਾਂ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਸਥਾਪਨਾ ਕੀਤੀ ਹੈ ਅਤੇ ਕਿਹਾ ਸੀ ਕਿ ਜੇ ਆਜ਼ਾਦੀ ਤੋਂ ਬਾਅਦ ਭਾਜਪਾ ਸੱਤਾ ’ਚ ਹੁੰਦੀ ਤਾਂ ਉਹ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਵਿਚ ਨਾ ਜਾਣ ਦਿੰਦੇ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਸੱਚਾਈ ਹੋਵੇ ਪਰ ਇਕ ਅਸਲੀਅਤ ਇਹ ਵੀ ਹੈ ਕਿ ਕੇਂਦਰ ਸਰਕਾਰ ਨੇ ਸਿੱਖਾਂ ਦੇ ਗੁਰਧਾਮਾਂ ਖਾਸ ਤੌਰ ’ਤੇ ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਆਰਐੱਸਐੱਸ ਹਵਾਲੇ ਕੀਤੇ ਹੋਏ ਹਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵੀ ਆਰਐੱਸਐੱਸ ਦਾ ਕਬਜ਼ਾ ਹੋ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਲਈ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਧਿਆਨ ਸਿੰਘ ਮੰਡ, ਜਸਬੀਰ ਸਿੰਘ ਰੋਡੇ ਅਤੇ ਬਲਜੀਤ ਸਿੰਘ ਦਾਦੂਵਾਲ ਵਰਗੇ ਲੋਕ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ’ਤੇ ਲੱਗੇ ਹੋਏ ਹਨ ਤੇ ਇਹ ਕੇਂਦਰ ਦੀਆਂ ਏਜੰਸੀਆਂ ਲਈ ਕੰਮ ਕਰ ਰਹੇ ਹਨ। ਉਨ੍ਹਾਂ ‘ਆਪ’ ਦੀ ਗੱਲ ਕਰਦਿਆਂ ਕਿਹਾ ਕਿ ਇਸ ਦੇ ਮੰਤਰੀ ਬਲਕਾਰ ਸਿੰਘ ਦੀ ਵਾਇਰਲ ਅਸ਼ਲੀਲ ਵੀਡੀਓ ਨੇ ਪੰਜਾਬ ਦੀ ਰਾਜਨੀਤੀ ਵਿਚ ਗਿਰਾਵਟ ਦਾ ਨਵਾਂ ਅਧਿਆਏ ਜੋੜਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਵੀਡੀਓ ਜਨਤਕ ਹੋਈ ਸੀ ਤੇ ਉਸ ਵੇਲੇ ਸਰਕਾਰ ਨੇ ਮਾਮਲੇ ਦੀ ਜਾਂਚ ਵਾਸਤੇ ਐੱਸਆਈਟੀ ਦਾ ਗਠਨ ਕੀਤਾ ਸੀ ਜਿਸ ਰਾਹੀਂ ਸ਼ਿਕਾਇਤਕਰਤਾ ਨੂੰ ਡਰਾ-ਧਮਕਾ ਕੇ ਸ਼ਿਕਾਇਤ ਵਾਪਸ ਕਰਵਾਈ ਗਈ। ਇਸ ਮੌਕੇ ਐੱਨਕੇ ਸ਼ਰਮਾ ਨੇ ਦੱਸਿਆ ਕਿ ਕਿਵੇਂ ‘ਆਪ’ ਸਰਕਾਰ ਨੇ ਕਿਸਾਨਾਂ ਨੂੰ ਪਟਿਆਲਾ ਰਿੰਗ ਰੋਡ ਲਈ 764 ਕਰੋੜ ਰੁਪਏ ਦੀ ਲਾਗਤ ਨਾਲ ਐਕਵਾਇਰ ਹੋਈ ਜ਼ਮੀਨ ਦਾ ਢੁੱਕਵਾਂ ਮੁਆਵਜ਼ਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ‘ਆਪ’ ਦੋਵਾਂ ਨੇ ਰਾਜਪੁਰਾ, ਘਨੌਰ, ਸਨੌਰ, ਸ਼ੁਤਰਾਣਾ ਤੇ ਦੇਵੀਗੜ੍ਹ ਇਲਾਕਿਆਂ ਵਿਚ ਹੜ੍ਹਾਂ ਦੀ ਰੋਕਥਾਮ ਵਾਸਤੇ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਵਾਅਦਾ ਕੀਤਾ ਕਿ ਉਹ ਪਟਿਆਲਾ ਵਿਚ ਏਮਜ਼ ਵਰਗਾ ਹਸਪਤਾਲ ਸਥਾਪਤ ਕਰਵਾਉਣ ਲਈ ਯਤਨ ਕਰਨਗੇ। ਇਸ ਮੌਕੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਜਸਪਾਲ ਸਿੰਘ ਬਿੱਟੂ ਚੱਠਾ, ਕਬੀਰ ਦਾਸ, ਅਮਰਿੰਦਰ ਬਜਾਜ, ਮੱਖਣ ਸਿੰਘ ਲਾਲਕਾ, ਚਰਨਜੀਤ ਸਿੰਘ ਬਰਾੜ, ਭੁਪਿੰਦਰ ਸਿੰਘ ਸ਼ੇਖੂਪੁਰਾ, ਅਮਿਤ ਰਾਠੀ, ਜਰਨੈਲ ਸਿੰਘ ਕਰਤਾਰਪੁਰ, ਸੁਰਜੀਤ ਸਿੰਘ ਗੜ੍ਹੀ, ਜਸਮੇਰ ਸਿੰਘ ਲਾਛੜੂ, ਲਖਵੀਰ ਸਿੰਘ, ਕ੍ਰਿਸ਼ਨਪਾਲ ਸ਼ਰਮਾ, ਅਸ਼ਵਨੀ ਸ਼ਰਮਾ ਸੰਭਾਲਕੀ ਸਮੇਤ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

Related Post