

ਅਕਾਲੀ ਦਲ ਦੇ ਉਮੀਦਵਾਰ ਐੱਨਕੇ ਸ਼ਰਮਾ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਟਰੈਕਟਰ ਚਲਾ ਕੇ ਡੀਸੀ ਦਫ਼ਤਰ ਪੁੱਜੇ। ਉਨ੍ਹਾਂ ਆਖਿਆ ਕਿ ਉਹ ਕਿਸਾਨ ਦੇ ਪੁੱਤ ਹਨ ਤੇ ਟਰੈਕਟਰ ਉਨ੍ਹਾਂ ਦੀ ਜਿੰਦ-ਜਾਨ ਹੈ। ਇਸ ਮੌਕੇ ਸੁਰਜੀਤ ਰੱਖੜਾ, ਸੁਰਜੀਤ ਗੜ੍ਹੀ, ਅਮਿਤ ਰਾਠੀ, ਅਮਰਿੰਦਰ ਬਜਾਜ ਅਤੇ ਕ੍ਰਿਸ਼ਨਪਾਲ ਸ਼ਰਮਾ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਆਪਣੇ ਚੋਣ ਦਫ਼ਤਰ ਵਿੱਚ ਕੀਤੀ ਰੈਲੀ ਦੌਰਾਨ ਸ੍ਰੀ ਸ਼ਰਮਾ ਨੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਇਸ ਦੌਰਾਨ ਅਕਾਲੀ ਦਲ ਦੇ ਸਾਰੇ ਧੜਿਆਂ ਨੇ ਇਕਜੁਟਤਾ ਵੀ ਦਿਖਾਈ। ਸ੍ਰੀ ਸ਼ਰਮਾ ਨੇ ਕਿਹਾ ਕਿ ਪਹਿਲਾਂ ਦਿੱਲੀ ਦੇ ਬਾਰਡਰਾਂ ’ਤੇ ਦੋ ਸਾਲਾਂ ਤੱਕ ਕਿਸਾਨ ਅੰਦੋਲਨ ਚੱਲਿਆ ਤੇ ਹੁਣ 13 ਫਰਵਰੀ ਤੋਂ ਸ਼ੰਭੂ ਬਾਰਡਰ ’ਤੇ ਜਾਰੀ ਹੈ ਪਰ ਕੇਂਦਰ ਤੇ ਪੰਜਾਬ ਸਰਕਾਰ ਵਿੱਚੋਂ ਕੋਈ ਵੀ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀ। ਕਿਸਾਨ ਮਸਲੇ ’ਤੇ ਮਾਨ ਸਰਕਾਰ ਤਾਂ ਪੂਰੀ ਤਰ੍ਹਾਂ ਕੇਂਦਰ ਨਾਲ ਮਿਲ ਚੁੱਕੀ ਹੈ ਪਰ ਜੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਤਾਂ ਉਹ ਲੋਕ ਸਭਾ ’ਚ ਕਿਸਾਨਾਂ ਲਈ ਵਕੀਲ ਬਣ ਕੇ ਲੜਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ, ਪੰਜਾਬ ਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕੀਤਾ ਹੈ। ਬਾਦਲ ਸਰਕਾਰ ਹੀ ਸੀ ਜਿਸ ਨੇ ਖੇਤੀ ਲਈ ਬਿਜਲੀ ਮੁਫ਼ਤ ਦਿੱਤੀ। ਇਸ ਦੀ ਬਦੌਲਤ ਖੇਤੀ ਮੁੜ ਮੁਨਾਫੇ ਵਾਲਾ ਧੰਦਾ ਬਣਿਆ ਪਰ ਹੁਣ ਕੇਂਦਰ ਤੇ ਪੰਜਾਬ ਸਰਕਾਰ ਦੇ ਬੇਰੁਖ਼ੇ ਰਵੱਈਏ ਕਾਰਨ ਕਿਸਾਨ ਕਰਜ਼ਈ ਹੋ ਕੇ ਆਤਮਹੱਤਿਆਵਾਂ ਕਰ ਰਹੇ ਹਨ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ’ਤੇ ਕਿਸਾਨਾਂ ਨਾਲ ਵਾਅਦਾ ਕਰਕੇ ਮੁਕਰਨ ਦੇ ਦੋਸ਼ ਲਾਏ। ਇਸ ਮੌਕੇ ਕਈ ਅਕਾਲੀ ਆਗੂ ਹਾਜ਼ਰ ਸਨ। ਅੱਜ ਤੇ ਭਲਕ ਨਹੀਂ ਭਰੀਆਂ ਜਾ ਸਕਣਗੀਆਂ ਨਾਮਜ਼ਦਗੀਆਂ ਪਟਿਆਲਾ: ਪੰਜਾਬ ਵਿਚ ਭਲਕੇ 11 ਮਈ ਨੂੰ ਦੂਜੇ ਸ਼ਨਿਚਰਵਾਰ ਅਤੇ 12 ਮਈ ਨੂੰ ਐਤਵਾਰ ਦੀ ਛੁੱਟੀ ਹੋਣ ਕਰਕੇ ਉਮੀਦਵਾਰ ਨਾਮਜ਼ਦਗੀ ਫਾਰਮ ਨਹੀਂ ਭਰ ਸਕਣਗੇ। ਇਸ ਤਰ੍ਹਾਂ ਹੁਣ 13 ਮਈ ਨੂੰ ਹੀ ਨਾਮਜ਼ਦਗੀ ਪਰਚੇ ਦਾਖ਼ਲ ਕੀਤੇ ਜਾ ਸਕਣਗੇ ਅਤੇ ਉਮੀਦਵਾਰਾਂ ਕੋਲ਼ ਹੁਣ ਦੋ ਦਿਨ ਹੀ ਬਾਕੀ ਬਚੇ ਹਨ। ਨਾਮਜ਼ਦਗੀਆਂ ਭਰਨ ਦੀ ਆਖਰੀ ਤਾਰੀਖ 14 ਮਈ ਹੈ