
ਨਾਰਵੇ ਸ਼ਤਰੰਜ: ਪ੍ਰਗਨਾਨੰਦਾ ਨੇ ਆਰਮਗੈਡੋਨ ਵਿੱਚ ਅਲੀਰੇਜ਼ਾ ਨੂੰ ਦਿੱਤੀ ਮਾਤ
- by Aaksh News
- May 29, 2024

ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਅੱਜ ਇੱਥੇ ਨਾਰਵੇ ਸ਼ਤਰੰਜ ਟੂਰਨਾਮੈਂਟ ’ਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੇ ਗੇੜ ਵਿੱਚ ਆਰਮਗੈਡੋਨ ਬਾਜ਼ੀ ਵਿੱਚ ਫਰਾਂਸ ਦੇ ਫਿਰੋਜ਼ਾ ਅਲੀਰੇਜ਼ਾ ਨੂੰ ਮਾਤ ਦਿੱਤੀ। ਕਲਾਸੀਕਲ ਫਾਰਮੈਟ ’ਚ ਪੁਰਸ਼ ਤੇ ਮਹਿਲਾ ਵਰਗ ਦੀਆਂ ਸਾਰੀਆਂ ਬਾਜ਼ੀਆਂ ਡਰਾਅ ਰਹੀਆਂ ਅਤੇ ਨਤੀਜਿਆਂ ਲਈ ਛੇ ਆਰਮਗੈਡੋਨ ਬਾਜ਼ੀਆਂ ਦਾ ਸਹਾਰਾ ਲੈਣਾ ਪਿਆ। ਦੁਨੀਆ ਦੇ ਸਿਖਰਲੇ ਦਰਜੇ ਦੇ ਮੈਗਨਸ ਕਾਰਲਸਨ ਨੇ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਖ਼ਿਲਾਫ਼ ਕਲਾਸੀਕਲ ਬਾਜ਼ੀ 14 ਚਾਲਾਂ ’ਚ ਡਰਾਅ ਖੇਡਣ ਮਗਰੋਂ 68 ਚਾਲਾਂ ’ਚ ਆਰਮਗੈਡੋਨ ਬਾਜ਼ੀ ਮੁੜ ਡਰਾਅ ਕਰ ਕੇ ਚੜ੍ਹਤ ਬਰਕਰਾਰ ਰੱਖੀ। ਹਿਕਾਰੂ ਨਾਕਾਮੁਰਾ ਨੇ ਆਰਮਗੈਡੋਨ ਮੈਚ ’ਚ ਫੈਬੀਆਨੋ ਕਾਰੂਆਨਾ ਨੂੰ ਹਰਾਇਆ। ਪਹਿਲੇ ਗੇੜ ਮਗਰੋਂ ਪ੍ਰਗਨਾਨੰਦਾ, ਕਾਰਲਸਨ ਅਤੇ ਨਾਕਾਮੁਰਾ 1.5 ਅੰਕਾਂ ਨਾਲ ਸਾਂਝੇ ਤੌਰ ’ਤੇ ਸਿਖਰ ’ਤੇ ਹਨ ਜਦਕਿ ਅਲੀਰੇਜ਼ਾ, ਲਿਰੇਨ ਤੇ ਕਾਰੂਆਨਾ ਉਨ੍ਹਾਂ ਤੋਂ ਅੱਧਾ ਅੰਕ ਪਿੱਛੇ ਹਨ। ਕਲਾਸੀਕਲ ਫਾਰਮੈਟ ਤਹਿਤ ਹਰ ਬਾਜ਼ੀ ਜਿੱਤਣ ਵਾਲੇ ਨੂੰ ਤਿੰਨ ਅੰਕ ਜਦਕਿ ਆਰਮਗੈਡੋਨ ਬਾਜ਼ੀਆਂ ਵਿੱਚ ਜੇਤੂ ਨੂੰ 1.5 ਤੇ ਹਾਰਨ ਵਾਲੇ ਨੂੰ ਇੱਕ ਅੰਕ ਮਿਲਦਾ ਹੈ।