 
                                              
                              ਸਟਾਰ ਟੈਨਿਸ ਖਿਡਾਰੀ ਰਾਫੇਲ ਨਡਾਲ ਅਤੇ ਕਾਰਲਸ ਅਲਕਰਾਜ਼ ਦੀ ਜੋੜੀ ਪੈਰਿਸ ਓਲੰਪਿਕ ਦੇ ਡਬਲਜ਼ ਵਰਗ ’ਚ ਸਪੇਨ ਦੀ ਨੁਮਾਇੰਦਗੀ ਕਰੇਗੀ। ਸਪੈਨਿਸ਼ ਟੈਨਿਸ ਫੈਡਰੇਸ਼ਨ ਨੇ ਅੱਜ ਇਹ ਜਾਣਕਾਰੀ ਦਿੱਤੀ। ਅਲਕਰਾਜ਼ ਨੇ ਐਤਵਾਰ ਨੂੰ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ। 21 ਸਾਲਾ ਖਿਡਾਰੀ ਦਾ ਇਹ ਤੀਜਾ ਗਰੈਂਡ ਸਲੈਮ ਖਿਤਾਬ ਹੈ। 38 ਸਾਲਾ ਨਡਾਲ ਨੂੰ ਖੇਡ ਦੇ ਸਭ ਤੋਂ ਮਹਾਨ ਖਿਡਾਰੀਆਂ ’ਚੋਂ ਇੱਕ ਮੰਨਿਆ ਜਾਂਦਾ ਹੈ। ਉਹ ਪਹਿਲਾਂ ਹੀ 2008 ਵਿੱਚ ਸਿੰਗਲਜ਼ ਵਰਗ ਅਤੇ 2016 ਵਿੱਚ ਡਬਲਜ਼ ਵਰਗ ਵਿੱਚ ਓਲੰਪਿਕ ਸੋਨ ਤਗਮੇ ਜਿੱਤ ਚੁੱਕਾ ਹੈ। ਇਸ ਤੋਂ ਇਲਾਵਾ ਉਸ ਦੇ ਨਾਮ 22 ਗਰੈਂਡ ਸਲੈਮ ਖਿਤਾਬ ਵੀ ਹਨ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     