ਗੁਰੂਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਸੰਗਤਾਂ ਗੁਰੂ ਘਰ ਨਤਮਸਤਕ
- by Jasbeer Singh
- October 8, 2024
ਗੁਰੂਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਸੰਗਤਾਂ ਗੁਰੂ ਘਰ ਨਤਮਸਤਕ ਦੀਵਾਨ ਹਾਲ ’ਚ ਢਾਡੀ ਕਵੀਸ਼ਰੀ ਜੱਥਿਆਂ ਨੇ ਸੁਣਾਇਆ ਗੁਰੂ ਇਤਿਹਾਸ ਪਵਿੱਤਰ ਸਰੋਵਰ ’ਚ ਸੰਗਤਾਂ ਨੇ ਇਸ਼ਨਾਨ ਕਰਕੇ ਕੀਤੀ ਪੰਗਤ ਅਤੇ ਸੰਗਤ ਸਿੱਖੀ ਸਿਧਾਂਤਾਂ ’ਤੇ ਦਿ੍ਰੜਤਾ ਨਾਲ ਪਹਿਰਾ ਦੇਣਾ ਸਾਰਿਆਂ ਦਾ ਧਰਮ ਕਰਤੱਵ : ਪ੍ਰੋ. ਬਡੂੰਗਰ ਪਟਿਆਲਾ 8 ਅਕਤੂਬਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪਵਿੱਤਰ ਦਿਹਾੜੇ ’ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਮੱਥਾ ਟੇਕਿਆ। ਤੜਕਸਵੇਰੇ ਕਵਾੜ੍ਹ ਖੁੱਲ੍ਹਣ ਮਗਰੋਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਗੁਰੂ ਦਰਬਾਰ ਖੁੱਲ੍ਹਣ ਉਪਰੰਤ ਸੰਗਤਾਂ ਨੇ ਗੁਰੂ ਸਾਹਿਬ ਦੀ ਹਜੂਰੀ ਵਿਚ ਆਪਣਾ ਆਪ ਸਮਰਪਿਤ ਕੀਤਾ ਅਤੇ ਹਜੂਰੀ ਰਾਗੀ ਕੀਰਤਨੀ ਜੱਥਿਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਵੀ ਮਾਣਿਆ। ਇਸ ਮੌਕੇ ਸੰਗਤਾਂ ਨੇ ਜਿਥੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ, ਉਥੇ ਹੀ ਪੰਗਤ ਸੰਗਤ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਵੀ ਪ੍ਰਾਪਤ ਕੀਤੀਆਂ। ਪੰਚਮੀ ਦੇ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਧਾਰਮਕ ਦੀਵਾਨ ਸਜਾਏ ਗਏ ਇਸ ਦੌਰਾਨ ਢਾਡੀ ਕਵੀਸ਼ਰੀ ਜੱਥਿਆਂ ’ਚ ਭਾਈ ਗੁਰਪਿਆਰ ਸਿੰਘ ਜੌਹਰ, ਭਾਈ ਅਮਰੀਕ ਸਿੰਘ ਜਨੇਤਪੁਰ, ਭਾਈ ਚਮਕੌਰ ਸਿੰਘ ਕਕਰਾਲਾ, ਭਾਈ ਜੁਗਰਾਜ ਸਿੰਘ ਖੀਵਾ, ਭਾਈ ਅਮਰਜੀਤ ਸਿੰਘ ਅੰਬਾਲਾ, ਭਾਈ ਬਲਵੰਤ ਸਿੰਘ ਪਮਾਲ, ਭਾਈ ਸੁਰਿੰਦਰ ਸਿੰਘ ਸਫ਼ਰੀ, ਭਾਈ ਗੁਰਵਿੰਦਰ ਸਿੰਘ ਦੁਗਾਲ ਆਦਿ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ। ਧਾਰਮਕ ਦੀਵਾਨ ਦੌਰਾਨ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਮੇਤ ਗੁਰਦੁਆਰਾ ਪ੍ਰਬੰਧਕ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਢਾਡੀ ਕਵੀਸ਼ਰੀ ਜੱਥਿਆਂ ਨੂੰ ਸਿਰੋਪਾਓ ਭੇਂਟ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਅਤੇ ਇਸ ਸਬੰਧੀ ਵਿਚ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ 19 ਅਕਤੂਬਰ ਨੂੰ ਵਿਸ਼ਾਲ ਧਾਰਮਕ ਸਮਾਗਮ ਦਾ ਆਯੋਜਨ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੇ ਹਮੇਸ਼ਾ ਜੀਵਨ ਜਿਉਣ ਦੀ ਜੀਵਨ ਜਾਂਚ ਪ੍ਰਦਾਨ ਕੀਤਾ ਅਤੇ ਸਿੱਖੀ ਸਿਧਾਂਤਾਂ ’ਤੇ ਦਿ੍ਰੜਤਾ ਨਾਲ ਪਹਿਰਾ ਦੇਣ ਦਾ ਮਾਰਗ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਈ ਗੁਰਬਾਣੀ ਦੀ ਦਾਤ ਨਾਲ ਆਪਣੇ ਜੀਵਨ ਨੂੰ ਗੁਰੂ ਸਿੱਖੀ ਵਾਲਾ ਬਣਾ ਕੇ ਬਾਣੀ ਤੇ ਬਾਣੇ ਨੂੰ ਧਾਰਨ ਕਰਨਾ ਸਮੁੱਚੀ ਮਾਨਵਤਾ ਦਾ ਧਰਮ ਕਰਤੱਵ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਸੁਰਜੀਤ ਸਿੰਘ ਕੌਲੀ, ਭਾਗ ਸਿੰਘ ਚੌਹਾਨ, ਆਤਮ ਪ੍ਰਕਾਸ਼ ਸਿੰਘ ਬੇਦੀ, ਦਲਿਤ ਫਰੰਟ ਦੇ ਪ੍ਰਧਾਨ ਜੋਗਿੰਦਰ ਸਿੰਘ ਪੰਛੀ, ਪ੍ਰਚਾਰਕ ਭਾਈ ਪਰਵਿੰਦਰ ਸਿੰਘ ਬਰਾੜਾ, ਭਾਈ ਜਸਵੀਰ ਸਿੰਘ, ਭਾਈ ਪਰਵਿੰਦਰ ਸਿੰਘ ਰਿਉਂਦ, ਭਾਈ ਪੈਰਿਸ ਸਿੰਘ, ਅਕਾਊਟੈਂਟ ਗੁਰਮੀਤ ਸਿੰਘ, ਭਾਈ ਤਰਸ਼ਵੀਰ ਸਿੰਘ, ਭਾਈ ਹਜੂਰ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ।
