post

Jasbeer Singh

(Chief Editor)

Patiala News

ਵਿਸ਼ਵ ਵਾਤਾਵਰਣ ਦਿਵਸ ਮੌਕੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕੈਂਪਸ ਵਿੱਚ ਪੌਦਾ ਲਾ ਕੇ ਸ਼ੁਰੂ ਕੀਤੀ ਆਪਣੀ ਸਵੇਰ

post-img

ਵਿਸ਼ਵ ਵਾਤਾਵਰਣ ਦਿਵਸ ਮੌਕੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕੈਂਪਸ ਵਿੱਚ ਪੌਦਾ ਲਾ ਕੇ ਸ਼ੁਰੂ ਕੀਤੀ ਆਪਣੀ ਸਵੇਰ -ਬੋਟੈਨੀਕਲ ਗਾਰਡਨ ਵਿੱਚ ਪੌਦਾ ਲਗਾਇਆ -ਬੋਟੈਨੀਕਲ ਗਾਰਡਨ ਦੇ ਵੱਖ-ਵੱਖ ਹਿੱਸਿਆਂ ਦਾ ਕੀਤਾ ਦੌਰਾ ਪਟਿਆਲਾ, 5 ਜੂਨ : ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕੈਂਪਸ ਵਿੱਚ ਆਪਣੀ ਸਵੇਰ ਦੀ ਸ਼ੁਰੂਆਤ ਐੱਸ. ਐੱਸ. ਬੀਰ ਬੋਟੈਨੀਕਲ ਗਾਰਡਨ ਵਿੱਚ ਪੌਦਾ ਲਾ ਕੇ ਕੀਤੀ। ਇਸ ਮੌਕੇ ਉਨ੍ਹਾਂ ਬੋਟੈਨੀਕਲ ਗਾਰਡਨ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਵੀ ਕੀਤਾ ਅਤੇ ਇੱਥੇ ਉਪਲਬਧ ਵੱਖ-ਵੱਖ ਦੁਰਲੱਭ ਕਿਸਮ ਦੀ ਬਨਸਪਤੀ ਨੂੰ ਵੇਖਿਆ। ਉਨ੍ਹਾਂ ਇਸ ਵਿਸ਼ੇਸ਼ ਅਤੇ ਵਿਲੱਖਣ ਕਿਸਮ ਦੇ ਬਗੀਚੇ ਦੀ ਸਾਂਭ ਸੰਭਾਲ਼ ਸਬੰਧੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਜਲਵਾਯੂ ਤਬਦੀਲੀ ਵਰਗੀਆਂ ਸਮੱਸਿਆਵਾਂ ਮਨੁੱਖਤਾ ਦੇ ਬਿਲਕੁਲ ਸਾਹਮਣੇ ਆ ਖੜ੍ਹੀਆਂ ਹਨ ਤਾਂ ਅਜਿਹੀ ਹਾਲਤ ਵਿੱਚ ਸਿਹਤਮੰਦ ਵਾਤਾਵਰਣ ਦੀ ਬਹਾਲੀ ਦਾ ਵਿਸ਼ਾ ਹੋਰ ਅਹਿਮ ਬਣ ਗਿਆ ਹੈ। ਉਨ੍ਹਾਂ ਸਥਾਨਕ ਪੱਧਰ ਦੀ ਮੂਲ ਬਨਸਪਤੀ ਨੂੰ ਬਚਾਉਣ ਦੀ ਮਹੱਤਤਾ ਉੱਤੇ ਵੀ ਵਿਸ਼ੇਸ਼ ਜ਼ੋਰ ਦਿੱਤਾ। ਵਿਸ਼ਵ ਵਾਤਾਵਰਣ ਦਿਵਸ ਦੇ ਇਸ ਸਾਲ ਦੇ ਥੀਮ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਬਾਰੇ ਵਿਚਾਰ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਕਿੰਨੀ ਮੰਦਭਾਗੀ ਗੱਲ ਹੈ ਕਿ ਪਲਾਸਟਿਕ ਦਾ ਨਿਪਟਾਰਾ ਅੱਜ ਮਨੁੱਖਤਾ ਲਈ ਚੁਣੌਤੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵਿੱਦਿਅਕ ਅਦਾਰਿਆਂ ਵਿੱਚ ਆਪਣੀਆਂ ਖੋਜਾਂ ਰਾਹੀਂ ਪਲਾਸਟਿਕ ਦੇ ਬਦਲ ਅਤੇ ਨਿਪਟਾਰੇ ਬਾਰੇ ਨਵੇਂ ਢੰਗ ਲੱਭਣ ਦੇ ਯਤਨ ਕਰਨੇ ਚਾਹੀਦੇ ਹਨ। ਇੱਥੇ ਹਾਜ਼ਰ ਖੋਜਾਰਥੀਆਂ ਨਾਲ਼ ਸੰਵਾਦ ਰਚਾਉਂਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਅਸਲ ਵਿਕਾਸ ਇਸ ਦੇ ਖੋਜਾਰਥੀਆਂ ਉੱਤੇ ਨਿਰਭਰ ਕਰਦਾ ਹੈ। ਉਨ੍ਹਾਂ ਖੋਜਾਰਥੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਖੋਜ ਪ੍ਰਾਜੈਕਟਾਂ ਨਾਲ਼ ਜੁੜਨ ਅਤੇ ਆਪਣੇ ਖੋਜ-ਪਰਚੇ ਛਪਵਾਉਣ ਲਈ ਪ੍ਰੇਰਿਤ ਕਰਦਿਆਂ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਵਿੱਚ ਜਿੱਥੇ ਵੀ ਸੰਭਵ ਹੋਵੇ ਤਾਂ ਨਿੱਜੀ ਪੱਧਰ ਉੱਤੇ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਬਨਸਪਤੀ ਵਿਗਿਆਨ ਵਰਗੇ ਖੇਤਰਾਂ ਨਾਲ਼ ਸਬੰਧਤ ਚੰਗੀਆਂ ਖੋਜਾਂ ਦਾ ਕੌਮਾਂਤਰੀ ਪੱਧਰ ਉੱਤੇ ਜਾਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਬਨਸਪਤੀ ਵਿਗਿਆਨ ਦੇ ਮੁਖੀ ਪ੍ਰੋ. ਗੀਤਿਕ ਸਰਹਿੰਦੀ ਤੋਂ ਇਲਾਵਾ ਅਧਿਆਪਨ ਅਤੇ ਗ਼ੈਰ ਅਧਿਆਪਨ ਅਮਲੇ ਦੇ ਮੈਂਬਰ ਹਾਜ਼ਰ ਰਹੇ।

Related Post