ਪੀ. ਐਸ. ਯੂ. (ਲਲਕਾਰ) ਨੇ ਕੀਤੀ ਪਨਬੱਸ ਕਾਮਿਆਂ `ਤੇ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਨਿਖੇਧੀ
- by Admin
- November 29, 2025
ਪੀ. ਐਸ. ਯੂ. (ਲਲਕਾਰ) ਨੇ ਕੀਤੀ ਪਨਬੱਸ ਕਾਮਿਆਂ `ਤੇ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਨਿਖੇਧੀ ਪਟਿਆਲਾ, 29 ਨਵੰਬਰ 2025 : ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਰੋਡਵੇਜ਼, ਪੀ. ਆਰ. ਟੀ. ਸੀ. ਅਤੇ ਪਨਬੱਸ ਦੇ ਮੁਲਾਜ਼ਮਾਂ `ਤੇ ਪੰਜਾਬ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਆਗੂਆਂ ਦੀ ਗ੍ਰਿਫ਼ਤਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਯੂਨੀਅਨ ਨੇ ਇਸ ਦੌਰਾਨ ਪਟਿਆਲਾ ਅਤੇ ਬਠਿੰਡਾ ਵਿਖੇ ਮੁਲਾਜ਼ਮਾਂ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕਰਕੇ ਆਪਣੀ ਪੂਰਨ ਹਮਾਇਤ ਜ਼ਾਹਰ ਕੀਤੀ। ਪੰਜਾਬ ਸਰਕਾਰ ਦੀ ਸ਼ਹਿ ਤੇ ਪੁਲਸ ਨੇ ਕੀਤਾ ਲਾਠੀਚਾਰਜ ਪੰਜਾਬ ਸਰਕਾਰ ਦੀ ਸ਼ਹਿ `ਤੇ ਪੰਜਾਬ ਪੁਲਸ ਨੇ ਤਾਨਾਸ਼ਾਹੀ ਰਵੱਈਆ ਅਪਣਾਉਂਦਿਆਂ ਸੰਘਰਸ਼ ਕਰਦੇ ਲੋਕਾਂ ਉੱਪਰ ਬੇਰਹਿਮੀ ਨਾਲ ਲਾਠੀਚਾਰਜ ਕੀਤਾ, ਕਈਆਂ ਨੂੰ ਘਰਾਂ `ਚ ਨਜ਼ਰਬੰਦ ਕੀਤਾ ਗਿਆ ਅਤੇ ਕਈਆਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ, ਜੋ ਕਿ ਸਿੱਧੇ ਤੌਰ `ਤੇ ਲੋਕਤੰਤਰੀ ਹੱਕਾਂ ਦੀ ਉਲੰਘਣਾ ਹੈ। ਪੰਜਾਬ ਸਰਕਾਰ ਦਾ ਇਹ ਰਵੱਈਆ ਬੇਹੱਦ ਨਿੰਦਣਯੋਗ ਹੈ। ਆਮ ਲੋਕਾਂ ਦੀ ਸੇਵਾ ਦਾ ਰਾਗ ਅਲਾਪਣ ਵਾਲੀ `ਆਪ` ਸਰਕਾਰ ਨੇ ਹੁਣ ਆਮ ਲੋਕਾਂ ਤੋਂ ਹੱਕ ਖੋਹਣ, ਉਨ੍ਹਾਂ `ਤੇ ਝੂਠੇ ਪਰਚੇ ਪਾਉਣ ਅਤੇ ਜੇਲ੍ਹਾਂ `ਚ ਸੁੱਟਣ ਦਾ ਧੱਕੇਸ਼ਾਹ ਰਾਹ ਅਪਣਾਇਆ ਹੋਇਆ ਹੈ। ਪੀ. ਐੱਸ. ਯੂ. ਲਲਕਾਰ ਦੀਆਂ ਮੰਗਾਂ : ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪੰਜਾਬ ਸਰਕਾਰ ਦੇ ਇਸ ਦਮਨਕਾਰੀ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਹੇਠ ਲਿਖੀਆਂ ਮੰਗਾਂ ਕੀਤੀਆਂ ਜਾਂਦੀਆਂ ਹਨ : 1. ਤੁਰੰਤ ਰਿਹਾਈ : ਗ੍ਰਿਫ਼ਤਾਰ ਕੀਤੇ ਗਏ ਸਾਰੇ ਸਾਥੀਆਂ ਨੂੰ ਜਲਦ ਤੋਂ ਜਲਦ ਅਤੇ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। 2. ਟੈਂਡਰ ਰੱਦ : ਪੀ. ਆਰ. ਟੀ. ਸੀ. ਮਹਿਕਮੇ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੇ ਟੈਂਡਰ ਨੂੰ ਤੁਰੰਤ ਰੱਦ ਕਰਕੇ ਨਿੱਜੀਕਰਨ ਦੀਆਂ ਨੀਤੀਆਂ `ਤੇ ਰੋਕ ਲਗਾਈ ਜਾਵੇ। 3. ਕਾਮੇ ਪੱਕੇ: ਟਰਾਂਸਪੋਰਟ ਮਹਿਕਮੇ ਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਜਲਦ ਤੋਂ ਜਲਦ ਪੱਕੇ ਕੀਤਾ ਜਾਵੇ।
