ਤੰਬਾਕੂ `ਤੇ ਡਿਊਟੀ ਵਧਾਉਣ ਵਾਲੇ ਬਿੱਲ ਨੂੰ ਸੰਸਦ ਦੀ ਮਨਜ਼ੂਰੀ ਨਵੀਂ ਦਿੱਲੀ, 7 ਦਸੰਬਰ 2025 : ਤੰਬਾਕੂ ਅਤੇ ਤੰਬਾਕੂ ਉਤਪਾਦਾਂ `ਤੇ ਆਬਕਾਰੀ ਡਿਊਟੀ ਵਧਾਉਣ ਸਬੰਧੀ ਕੇਂਦਰੀ ਆਬਕਾਰੀ ਡਿਊਟੀ (ਸੋਧ) ਬਿੱਲ-2025 ਨੂੰ ਸੰਸਦ ਦੀ ਮਨਜ਼ੂਰੀ ਮਿਲ ਗਈ। ਬਿੱਲ `ਤੇ ਲੱਗਭਗ ਸਾਢੇ 3 ਘੰਟੇ ਦੀ ਚਰਚਾ ਅਤੇ ਉਸ ’ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਜਵਾਬ ਤੋਂ ਬਾਅਦ ਰਾਜ ਸਭਾ ਨੇ ਬਿਨਾਂ ਕਿਸੇ ਸੋਧ ਦੇ ਇਸ ਨੂੰ ਲੋਕ ਸਭਾ ਨੂੰ ਵਾਪਸ ਭੇਜਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਇਸ ਨੂੰ ਲੋਕ ਸਭਾ ਦੀ ਮਨਜ਼ੂਰੀ ਮਿਲ ਗਈ ਸੀ। ਵਿੱਤ ਮੰਤਰੀ ਦੇ ਜਵਾਬ ਦੌਰਾਨ ਤ੍ਰਿਣਮੂਲ ਕਾਂਗਰਸ ਮੈਂਬਰਾਂ ਨੇ ਕਰ ਦਿੱਤਾ ਸੀ ਹੰਗਾਮਾ ਵਿੱਤ ਮੰਤਰੀ ਦੇ ਜਵਾਬ ਦੌਰਾਨ ਵਿਰੋਧੀ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਉਸ ਸਮੇਂ ਜ਼ੋਰਦਾਰ ਹੰਗਾਮਾ ਸ਼ੁਰੂ ਕਰ ਦਿੱਤਾ ਜਦੋਂ ਕਿ ਉਹ ਪੱਛਮੀ ਬੰਗਾਲ ਨੂੰ ਮਨਰੇਗਾ ਯੋਜਨਾ ਦਾ ਪੈਸਾ ਜਾਰੀ ਨਾ ਕਰਨ ਦੇ ਉਨ੍ਹਾਂ ਦੇ ਦੋਸ਼ਾਂ ਦਾ ਜਵਾਬ ਦੇ ਰਹੀ ਸੀ। ਚਰਚਾ ਦੌਰਾਨ ਵਿਰੋਧੀ ਧਿਰ ਨੇ ਇਸ ਨੂੰ ਜਿੱਥੇ ਮਾਲੀਆ ਵਸੂਲੀ ਦੀ ਕੋਸਿ਼ਸ਼ ਦੱਸਦੇ ਹੋਏ ਬਿੱਲ ਦੀ ਆਲੋਚਨਾ ਕੀਤੀ, ਉੱਥੇ ਹੀ ਸੱਤਾ ਧਿਰ ਦੇ ਮੈਂਬਰਾਂ ਨੇ ਇਸ ਨੂੰ ਲੋਕਾਂ ਦੀ ਸਿਹਤ ਲਈ ਇਕ ਮਹੱਤਵਪੂਰਨ ਕਦਮ ਦੱਸਿਆ।
