July 6, 2024 01:02:31
post

Jasbeer Singh

(Chief Editor)

Patiala News

ਪਰਮਿੰਦਰ ਢੀਂਡਸਾ ਨੇ ਐੱਨਕੇ ਸ਼ਰਮਾ ਦੇ ਹੱਕ ’ਚ ਮੀਟਿੰਗ ਕਰਕੇ ਤੋੜੀ ਚੁੱਪ

post-img

ਸੰਗਰੂਰ ਤੋਂ ਅਕਾਲੀ ਦਲ ਵੱਲੋਂ ਕਹਿ ਕੇ ਵੀ ਲੋਕ ਸਭਾ ਦੀ ਟਿਕਟ ਨਾ ਦੇਣ ਕਾਰਨ ਆਪਣੇ ਹਮਾਇਤੀਆਂ ਸਣੇ ਨਾਰਾਜ਼ ਹੋ ਕੇ ਘਰ ਬੈਠੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਚੁੱਪੀ ਤੋੜਦਿਆਂ, ਅੱਜ ਇੱਥੇ ਅਕਾਲੀ ਉਮੀਦਵਾਰ ਐਨਕੇ ਸ਼ਰਮਾ ਦੇ ਹੱਕ ’ਚ ਚੋਣ ਮੀਟਿੰਗ ਕੀਤੀ। ਉਨ੍ਹਾਂ ਦੇ ਪਟਿਆਲਾ ਜ਼ਿਲ੍ਹੇ ਵਿਚਲੇ ਸਮਰਥਕ ਵੀ ਅਕਾਲੀ ਦਲ ਦੇ ਚੋਣ ਪਿੜ ਤੋਂ ਲਾਂਭੇ ਹੀ ਚੱਲੇ ਆ ਰਹੇ ਸਨ, ਪਰ ਅੱਜ ਦੀ ਮੀਟਿੰਗ ’ਚ ਉਨ੍ਹਾਂ ਨੇ ਜਿਥੇ ਹਮਾਇਤੀਆਂ ਨੂੰ ਸ਼ਰਮਾ ਦੀ ਚੋਣ ਮੁਹਿੰਮ ’ਚ ਕੁੱਦਣ ਲਈ ਆਖਿਆ, ਉਥੇ ਹੀ ਸ਼ਰਮਾ ਨਾਲ ਵਿਚਾਰਾਂ ਕਰਕੇ ਉਨ੍ਹਾਂ ਦੀਆਂ ਡਿਊਟੀਆਂ ਵੀ ਲਾਈਆਂ। ਇਹ ਮੀਟਿੰਗ ਐੱਸਐੱਸਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸੰਧੂ ਦੀ ਪਾਸੀ ਰੋਡ’ਤੇ ਸਥਿਤ ਰਿਹਾਇਸ਼ ’ਤੇ ਹੋਈ। ਇਸ ਦੌਰਾਨ ਐੱਨਕੇ ਸ਼ਰਮਾ, ਸਾਬਕਾ ਮੰਤਰੀ ਸੁਰਜੀਤ ਰੱਖੜਾ, ਤੇਜਿੰਦਰਪਾਲ ਸੰਧੂ, ਰਣਧੀਰ ਰੱਖੜਾ, ਇੰਦਰਮੋਹਣ ਬਜਾਜ, ਅਮਰਿੰਦਰ ਬਜਾਜ, ਬਿੱਂਟੂ ਚੱਠਾ, ਜਸਮੇਰ ਲਾਛੜੂ, ਜਰਨੈਲ ਕਰਤਾਰਪੁਰ ਸਣੇ ਕਈ ਹੋਰ ਸਥਾਨਕ ਆਗੂ ਮੌਜੂਦ ਸਨ। ਪਤਾ ਲੱਗਿਆ ਹੈ ਕਿ ਐੱਨਕੇ ਸ਼ਰਮਾ ਖੁਦ ਢੀਂਡਸਾ ਪਰਿਵਾਰ ਦੇ ਘਰ ਜਾ ਕੇ ਦੋਵੇਂ ਪਿਓ ਪੁੱਤਾਂ ਨੂੰ ਬੇਨਤੀ ਕਰਕੇ ਆਏ ਸਨ ਕਿ ਉਹ ਉਸ ਦੀ ਚੋਣ ਮੁਹਿੰਮ ’ਚ ਜ਼ਰੂਰ ਹਿੱਸਾ ਲੈਣ। ਇਸ ਕਾਰਨ ਪਰਮਿੰਦਰ ਢੀਡਸਾ ਨੇ ਅੱਜ ਇਥੇ ਪਹੁੰਚ ਕੇ ਇਹ ਚੋਣ ਮੀਟਿੰਗ ਕੀਤੀ। ਇਸ ਮੌਕੇ ਐਨਕੇ ਸ਼ਰਮਾ ਦਾ ਕਹਿਣਾ ਸੀ ਕਿ ਸ੍ਰੀ ਢੀਂਡਸਾ ਉਨ੍ਹਾਂ ਦੇ ਵੱਡੇ ਭਰਾਵਾਂ ਬਰਾਬਰ ਹਨ, ਜਿਨ੍ਹਾਂ ਨਾਲ ਮਿਲ ਕੇ ਉਨ੍ਹਾਂ ਵਿਧਾਨ ਸਭਾ ਵਿਚ ਇਕੱਠਿਆਂ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰ ਢੀਂਡਸਾ ਦੇ ਅੱਜ ਇੱਥੇੇ ਆਉਣ ਨਾਲ ਉਹ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਉਨ੍ਹਾਂ ਦੱਸਿਆ ਕਿ ਪਰਮਿੰਦਰ ਢੀਂਡਸਾ ਨੇ ਸਨੌਰ ਤੇ ਘਨੌਰ ਹਲਕੇ ਵਿੱਚ ਤੇਜਿੰਦਰਪਾਲ ਸੰਧੂ ਤੇ ਨਾਭਾ ਹਲਕੇ ਵਿਚ ਰਣਧੀਰ ਰੱਖੜਾ ਦੀ ਡਿਊਟੀ ਲਗਾਈ ਹੈ। ਉਨ੍ਹਾਂ ਆਪਣੇ ਕਈ ਹੋਰ ਸਮਰਥਕਾਂ ਨੂੰ ਵੀ ਉਨ੍ਹਾਂ ਦੀ ਚੋਣ ਮੁਹਿੰਮ ’ਚ ਕੁੱਦਣ ਲਈ ਆਖਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪਰਮਿੰਦਰ ਢੀਂਡਸਾ ਅਗਲੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ’ਚ ਵੀ ਪ੍ਰਚਾਰ ਕਰਨ ਜਾਣਗੇ। ਸੰਗਰੂਰ ਦੇ ਉਮੀਦਵਾਰ ਇਕਬਾਲ ਝੂੰਦਾਂ ਦੇ ਹੱਕ ’ਚ ਪ੍ਰਚਾਰ ਕਰਨ ਸਬੰਧੀ ਸਵਾਲ ਦਾ ਉਨ੍ਹਾਂ ਨੇ ਜਵਾਬ ਨਾ ਦਿੱਤਾ। ਢੀਂਡਸਾ ਪਰਿਵਾਰ ’ਤੇ ਮਾਣ: ਰੱਖੜਾ ਸਾਬਕਾ ਮੰਤਰੀ ਸੁਰਜੀਤ ਰੱਖੜਾ ਦਾ ਕਹਿਣਾ ਸੀ ਕਿ ਢੀਂਡਸਾ ਪਰਿਵਾਰ ’ਤੇ ਅਕਾਲੀ ਦਲ ਨੂੰ ਪੂਰਾ ਮਾਣ ਹੈ ਤੇ ਢੀਂਡਸਾ ਪਰਿਵਾਰ ਪੂਰੀ ਤਰ੍ਹਾਂ ਪਟਿਆਲਾ ਵਿਚ ਐੱਨਕੇ ਸ਼ਰਮਾ ਦੀ ਚੋਣ ਮੁਹਿੰਮ ਦਾ ਹਿੱਸਾ ਬਣ ਚੁੱਕਿਆ ਹੈ।

Related Post