

ਲੋਕ ਸਭਾ ਚੋਣਾਂ ਲਈ ਪਟਿਆਲਾ ਤੋਂ ਇੱਕ ਆਜ਼ਾਦ ਉਮੀਦਵਾਰ ਬਹਾਦਰ ਸਿੰਘ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਮਗਰੋਂ ਹੁਣ ਕੁੱਲ 26 ਉਮੀਦਵਾਰ ਚੋਣ ਮੈਦਾਨ ’ਚ ਹਨ। ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ। ਇਨ੍ਹਾਂ ਦੇ ਨਾਲ ਇੱਕ ਬਟਨ ਨੋਟਾ ਦਾ ਵੀ ਹੋਵੇਗਾ। ਇਸ ਤਰ੍ਹਾਂ ਉਮੀਦਵਾਰ 16 ਤੋਂ ਵਧਣ ਕਰਕੇ 1786 ਪੋਲਿੰਗ ਬੂਥਾਂ ’ਤੇ ਈਵੀਐਮਜ਼ ਨਾਲ ਇੱਕ-ਇੱਕ ਵਾਧੂ ਬੈਲੇਟ ਯੂਨਿਟ ਵੀ ਲੱਗੇਗਾ। ਇਨ੍ਹਾਂ ਵਾਧੂ ਲੱਗਣ ਵਾਲੇ ਯੂਨਿਟ ਦੀ ਪਹਿਲੀ ਸਪਲੀਮੈਂਟ ਰੈਂਡੇਮਾਈਜ਼ੇਸ਼ਨ ਅੱਜ ਉਮੀਦਵਾਰਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਗਈ ਹੈ। ਇਨ੍ਹਾਂ ਈਵੀਐਮਜ਼ ਦੇ ਬੀਯੂਜ ਦੇ ਸੀਰੀਅਲ ਨੰਬਰਾਂ ਦੀ ਸੂਚੀ ਸਾਰੇ ਉਮੀਦਵਾਰਾਂ ਨੂੰ ਸੌਂਪ ਦਿੱਤੀ ਗਈ ਹੈ। ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਮਾਨਤਾ ਪ੍ਰਾਪਤ ਕੌਮੀ ਅਤੇ ਰਾਜ ਦੇ ਰਾਜਨੀਤਕ ਦਲਾਂ ਦੇ ਉਮੀਦਵਾਰਾਂ ਵਿੱਚ ਬਸਪਾ ਦੇ ਜਗਜੀਤ ਸਿੰਘ ਛੜਬੜ, ਕਾਂਗਰਸ ਦੇ ਡਾ. ਧਰਮਵੀਰ ਗਾਂਧੀ, ਅਕਾਲੀ ਦਲ ਦੇ ਨਰਿੰਦਰ ਕੁਮਾਰ ਸ਼ਰਮਾ, ਭਾਜਪਾ ਦੇ ਪ੍ਰਨੀਤ ਕੌਰ ਅਤੇ ‘ਆਪ’ ਡਾ. ਬਲਬੀਰ ਸਿੰਘ ਸ਼ਾਮਲ ਹਨ। ਇਸ ਤੋਂ ਬਿਨ੍ਹਾਂ ਰਜਿਸਟਰ ਕੀਤੇ ਰਾਜਨੀਤਕ ਦਲਾਂ ਦੇ ਉਮੀਦਵਾਰਾਂ ਵਿੱਚ ਮਾਨ ਦਲ ਦੇ ਪ੍ਰੋ. ਮਹਿੰਦਰਪਾਲ ਸਿੰਘ, ਜਨ-ਜਨਵਾਦੀ ਪਾਰਟੀ ਦੇ ਅਮਰਜੀਤ ਸਿੰਘ ਜਾਗਦੇਰਹੋ, ਹਿੰਦੁਸਤਾਨ ਸ਼ਕਤੀ ਸੈਨਾ ਦੇ ਕ੍ਰਿਸ਼ਨ ਕੁਮਾਰ, ਭਾਰਤੀ ਜਵਾਨ ਕਿਸਾਨ ਪਾਰਟੀ ਦੇ ਦਵਿੰਦਰ ਰਾਜਪੂਤ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਮਨਦੀਪ ਸਿੰਘ ਤੇ ਅਖਿਲ ਭਾਰਤੀ ਪਰਿਵਾਰ ਪਾਰਟੀ ਦੇ ਰਣਜੀਤ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰਾਂ ਵਿੱਚ ਅਰਵਿੰਦਰ ਕੁਮਾਰ, ਸੁਖਵਿੰਦਰ ਸਿੰਘ, ਗੁਰਬਚਨ ਸਿੰਘ, ਚਮਕੀਲਾ ਸਿੰਘ, ਜਗਦੀਸ਼ ਕੁਮਾਰ, ਜੋਧ ਸਿੰਘ ਪਰਮਾਰ, ਡਿੰਪਲ, ਨੀਰਜ ਕੁਮਾਰ, ਪਰਮਜੀਤ ਸਿੰਘ, ਪਰਮਜੀਤ ਸਿੰਘ, ਬਿੰਦਰ ਕੌਰ, ਮਨੋਜ ਕੁਮਾਰ, ਮੱਖਣ ਸਿੰਘ, ਲਾਭ ਸਿੰਘ ਅਤੇ ਵਿਸ਼ਾਲ ਸ਼ਰਮਾ ਸ਼ਾਮਲ ਸਨ।