

ਸਥਾਨਕ ਸ਼ਹਿਰ ’ਚ ਕਈ ਥਾਈਂ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਤੇ ਕਾਂਗਰਸ ਪਾਰਟੀ ਦੇ ਲੱਗੇ ਪੋਸਟਰਾਂ ਤੇ ਬੈਨਰਾਂ ਨੂੰ ਲੈ ਕੇ ਥਾਣਾ ਲਾਹੌਰੀ ਗੇਟ ਪਟਿਆਲਾ ’ਚ ਅਣਪਛਾਤੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਜਿਹੇ ਬੈਨਰ ਤੇ ਪੋਸਟਰ ਫੁਹਾਰਾ ਚੌਕ ਤੋਂ ਮਾਲ ਰੋਡ ਤੇ ਮਾਲ ਰੋਡ ਤੋਂ ਪੁਰਾਣਾ ਬੱਸ ਸਟੈਂਡ, ਸੇਵਾ ਸਿੰਘ ਠੀਕਰੀਵਾਲਾ ਚੌਕ ਤੱਕ ਲੱਗੇ ਹੋਏ ਹਨ। ਸ਼ਿਕਾਇਤ ਮਿਲਣ ’ਤੇ ਪਟਿਆਲਾ ਹਲਕੇ ਦੇ ਨੋਡਲ ਅਫ਼ਸਰ ਐਮਸੀਸੀ ਨੇ ਆਪਣੇ ਦਫ਼ਤਰ ਦੇ ਪੱਤਰ ਨੰਬਰ 27 ਰਾਹੀਂ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ। ਇਸ ਦਾ ਜਵਾਬ ਦਿੰਦਿਆਂ ਡਾ. ਗਾਂਧੀ ਨੇ ਕਿਹਾ ਕਿ ਇਹ ਬੈਨਰ ਉਨ੍ਹਾਂ ਵੱਲੋਂ ਨਹੀਂ ਲਾਏ ਗਏ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਲਗਾਏ ਗਏ ਹਨ। ਨੋਡਲ ਅਫ਼ਸਰ ਦੀ ਸ਼ਿਕਾਇਤ ’ਤੇ ਪੁਲੀਸ ਵੱਲੋਂ ਅਣਪਛਾਤੇ ਖ਼ਿਲਾਫ਼ ਇਹ ਕੇਸ ਦਰਜ ਕੀਤਾ ਗਿਆ ਹੈ।