
ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ
- by Jasbeer Singh
- June 23, 2024

ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ - ਤੁਰਕੀ ਵਿਚ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ-3 ਚ ਸ਼ਾਨਦਾਰ ਪ੍ਰਦਰਸ਼ਨ - ਭਾਰਤੀ ਟੀਮ ਨੇ ਫ਼ਾਈਨਲ ਵਿਚ ਇਸਟੋਨੀਆ ਦੀ ਟੀਮ ਨੂੰ ਹਰਾਅ ਕੇ ਤਗ਼ਮਾ ਕੀਤਾ ਹਾਸਲ ਪੱਤਰ ਪ੍ਰੇਰਕ, ਪਟਿਆਲਾ ਤੁਰਕੀ ਵਿਖੇ ਹੋਏ ਤੀਰਅੰਦਾਜ਼ੀ ਦੇ ਵਿਸ਼ਵ ਕੱਪ ਸਟੇਜ-3 ਵਿਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਦੀ ਸ਼ਮੂਲੀਅਤ ਵਾਲ਼ੀ ਭਾਰਤ ਦੀ ਕੰਪਾਊਂਡ ਵਿਮੈਨ ਟੀਮ ਨੇ ਇਸਟੋਨੀਆ ਦੀ ਟੀਮ ਨੂੰ ਹਰਾਅ ਕੇ ਸੋਨ ਤਗ਼ਮਾ ਜਿੱਤ ਲਿਆ ਹੈ। ਵਿਸ਼ਵ ਕੱਪ ਲੜੀ ਦੌਰਾਨ ਇਹ ਇਸ ਟੀਮ ਦਾ ਲਗਾਤਾਰ ਤੀਜਾ ਗੋਲਡ ਮੈਡਲ ਹੈ। ਇਸ ਟੀਮ ਨੇ ਇਸੇ ਸਾਲ ਸ਼ੰਘਾਈ ਵਿਖੇ ਹੋਏ ਵਿਸ਼ਵ ਕੱਪ ਸਟੇਜ-1 ਅਤੇ ਕੋਰੀਆ ਵਿਖੇ ਹੋਏ ਸਟੇਜ-2 ਵਿਚ ਵੀ ਸੋਨ ਤਗ਼ਮਾ ਜਿੱਤਿਆ ਸੀ। ਇਸ ਮੌਕੇ ਵਾਈਸ ਚਾਂਸਲਰ ਕਮਲ ਕਿਸ਼ੋਰ ਯਾਦਵ ਵੱਲੋਂ ਪਰਨੀਤ ਕੌਰ ਅਤੇ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਇਸ ਪ੍ਰਾਪਤੀ ’ਤੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖੇਡ ਵਿਭਾਗ ਦੀ ਡਾਇਰੈਕਟਰ ਡਾ. ਅਜੀਤਾ ਨੇ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਪਰਨੀਤ ਕੌਰ ਉੱਤੇ ਮਾਣ ਹੈ। ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਨਾਲ਼ ਸੰਬੰਧਤ ਪਰਨੀਤ ਕੌਰ ਤੀਰਅੰਦਾਜ਼ੀ ਦੇ ਖੇਤਰ ਵਿੱਚ ਵਿਸ਼ਵ ਪੱਧਰ ਉੱਤੇ ਨਾਮਣਾ ਖੱਟ ਰਹੀ ਹੈ। ਪਿਛਲੇ ਸਮੇਂ ਦੌਰਾਨ ਵੀ ਉਸ ਨੇ ਬਹੁਤ ਸਾਰੀਆਂ ਕੌਮਾਂਤਰੀ ਪ੍ਰਾਪਤੀਆਂ ਪੰਜਾਬੀ ਯੂਨੀਵਰਸਿਟੀ ਦੀ ਝੋਲ਼ੀ ਪਾਈਆਂ ਹਨ। 25 ਅੰਤਰਰਾਸ਼ਟਰੀ ਤਗਮੇ ਜਿੱਤ ਚੁੱਕੀ ਪਰਨੀਤ ਕੌਰ ਪਰਨੀਤ ਕੌਰ 25 ਦੇ ਕਰੀਬ ਅੰਤਰਰਾਸ਼ਟਰੀ ਤਗ਼ਮੇ ਜਿੱਤ ਚੁੱਕੀ ਹੈ। ਉਸ ਦੀਆਂ ਪ੍ਰਾਪਤੀਆਂ ਵਿਚ ਕੈਡਟ ਵਰਲਡ ਚੈਂਪੀਅਨਸ਼ਿਪ ਵਿਚ ਸੋਨ ਤਗ਼ਮਾ, ਯੂਥ ਵਰਲਡ ਚੈਂਪੀਅਨਸ਼ਿਪ ਵਿਚ ਸੋਨ ਤਗ਼ਮਾ, ਸੀਨੀਅਰ ਵਰਲਡ ਚੈਂਪੀਅਨਸ਼ਿਪ ਵਿਚ ਸੋਨ ਤਗ਼ਮਾ, 2022 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ, ਏਸ਼ੀਅਨ ਚੈਂਪੀਅਨਸ਼ਿਪ 2023 ਵਿੱਚ ਸੋਨ ਤਗ਼ਮਾ, ਏਸ਼ੀਆ ਕੱਪ ਵਿਚ ਸੋਨ ਤਗ਼ਮਾ, ਵਰਲਡ ਕੱਪ ਵਿਚ ਦੋ ਵਾਰ ਸੋਨ ਤਗ਼ਮਾ ਅਤੇ ਇਨ-ਡੋਰ ਵਲਡ ਸੀਰੀਜ਼ ਵਿਚ ਸੋਨ ਤਗ਼ਮਾ ਆਦਿ ਸ਼ਾਮਲ ਹਨ।