ਪਟਿਆਲਾ ਹੈਰੀਟੇਜ ਫੈਸਟੀਵਲ 2025 ਪਟਿਆਲਾ ਹੈਰੀਟੇਜ ਤੇ ਸਰਸ ਮੇਲੇ ਦੀ ਮੇਜ਼ਬਾਨੀ ਕਰਨ ਲਈ ਪਟਿਆਲਾ ਤਿਆਰ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਲਿਆ ਤਿਆਰੀਆਂ ਦਾ ਜਾਇਜ਼ਾ -13 ਫਰਵਰੀ ਨੂੰ ਨੇਚਰ ਵਾਕ ਨਾਲ ਹੋਵੇਗਾ ਪਟਿਆਲਾ ਹੈਰੀਟੇਜ ਦਾ ਆਗਾਜ਼ ਤੇ 14 ਫਰਵਰੀ ਨੂੰ ਸ਼ੀਸ਼ ਮਹਿਲ 'ਚ ਲੱਗਣਗੀਆਂ ਸਰਸ ਮੇਲੇ ਦੀਆਂ ਰੌਣਕਾਂ -ਸਰਸ ਮੇਲੇ 'ਚ ਡੇਢ ਦਰਜਨ ਰਾਜਾਂ ਦੇ ਕਲਾਕਾਰ ਦੇਣਗੇ ਵੱਖ-ਵੱਖ ਕਲਾਵਾਂ ਤੇ ਲੋਕ ਨਾਚਾਂ ਦੀ ਪੇਸ਼ਕਾਰੀ, 150 ਤੋਂ ਵਧੇਰੇ ਸ਼ਿਲਪਕਾਰਾਂ ਦੀਆਂ ਬਣਾਈਆਂ ਦਸਤਕਾਰੀ ਵਸਤਾਂ ਦੀ ਹੋ ਸਕੇਗੀ ਖਰੀਦਦਾਰੀ -ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਵਾਸੀਆਂ ਨੂੰ ਮੇਲੇ ਦਾ ਆਨੰਦ ਮਾਨਣ ਦਾ ਖੁੱਲ੍ਹਾ ਸੱਦਾ ਪਟਿਆਲਾ, 12 ਫਰਵਰੀ : ਪਟਿਆਲਾ ਸ਼ਹਿਰ 13 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਤੇ 14 ਫਰਵਰੀ ਤੋਂ ਸ਼ੀਸ਼ ਮਹਿਲ ਵਿਖੇ ਲੱਗਣ ਵਾਲੇ ਸਰਸ ਮੇਲੇ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ । ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸ਼ਹਿਰ ਦੇ ਵੱਖ ਵੱਖ ਸਥਾਨਾਂ 'ਤੇ ਹੋਣ ਵਾਲੇ ਪਟਿਆਲਾ ਹੈਰੀਟੇਜ ਦੇ ਸਮਾਗਮਾਂ ਦੀਆਂ ਤਿਆਰੀਆਂ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ । ਇਸ ਮੌਕੇ ਉਨ੍ਹਾਂ ਦੇ ਨਾਲ ਪੀ. ਡੀ. ਏ. ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ, ਐਸ.ਪੀ. ਸਰਫ਼ਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ, ਐਸ. ਡੀ. ਐਮ. ਨਾਭਾ ਇਸਮਤ ਵਿਜੈ ਸਿੰਘ, ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਐਸ. ਡੀ. ਐਮ. ਸਮਾਣਾ ਤਰਸੇਮ ਚੰਦ ਤੇ ਸਹਾਇਕ ਕਮਿਸ਼ਨਰ ਰਿਚਾ ਗੋਇਲ ਵੀ ਮੌਜੂਦ ਸਨ। ਇਸ ਮੌਕੇ ਪਟਿਆਲਾ ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ 13 ਫਰਵਰੀ ਨੂੰ ਸਵੇਰੇ 7 ਵਜੇ ਇਨਵਾਇਰਨਮੈਂਟ ਪਾਰਕ ਪਟਿਆਲਾ ਤੋਂ ਨੇਚਰ ਵਾਕ ਨਾਲ ਹੋਵੇਗੀ ਅਤੇ ਇਸੇ ਦਿਨ ਸਵੇਰੇ 9 ਵਜੇ ਬਾਰਾਂਦਰੀ ਬਾਗ ਵਿਖੇ ਹੈਰੀਟੇਜ ਫੂਡ ਅਤੇ ਫਲਾਵਰ ਫੈਸਟੀਵਲ ਹੋਵੇਗਾ ਅਤੇ ਸ਼ਾਮ 6 ਵਜੇ ਪ੍ਰਸਿੱਧ ਅਦਾਕਾਰਾ ਪਦਮਸ੍ਰੀ ਨਿਰਮਲ ਰਿਸ਼ੀ ਵੱਲੋਂ ਇਤਿਹਾਸਕ ਨਾਟਕ 'ਸਰਹਿੰਦ ਦੀ ਦੀਵਾਰ' ਦਾ ਮੰਚਨ ਹਰਪਾਲ ਟਿਵਾਣਾ ਕਲਾ ਕੇਂਦਰ ਨਾਭਾ ਰੋਡ ਵਿਖੇ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ 14 ਫਰਵਰੀ ਨੂੰ ਸਵੇਰੇ 8:30 ਵਜੇ ਸ਼ਾਹੀ ਸਮਾਧਾਂ ਤੋਂ ਕਿਲਾ ਮੁਬਾਰਕ ਤੱਕ ਹੈਰੀਟੇਜ ਵਾਕ ਹੋਵੇਗੀ ਅਤੇ ਦੁਪਹਿਰ 1 ਵਜੇ ਸ਼ੀਸ਼ ਮਹਿਲ ਵਿਖੇ ਸਰਸ ਮੇਲੇ ਦਾ ਉਦਘਾਟਨ ਹੋਵੇਗਾ। ਇਸੇ ਦਿਨ ਸ਼ਾਮ 6 ਵਜੇ ਪੋਲੋ ਗਰਾਊਂਡ ਵਿਖੇ ਲਖਵਿੰਦਰ ਵਡਾਲੀ ਵੱਲੋਂ ਸੂਫ਼ੀਆਨਾ ਅੰਦਾਜ 'ਚ ਆਪਣੀ ਗਾਈਕੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਜਾਵੇਗਾ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ 15 ਫਰਵਰੀ ਨੂੰ ਸਵੇਰੇ 11 ਵਜੇ ਸੰਗਰੂਰ ਰੋਡ 'ਤੇ ਪਟਿਆਲਾ ਏਵੀਏਸ਼ਨ ਕੰਪਲੈਕਸ ਸਿਵਲ ਏਅਰੋਡਰਮ ਵਿਖੇ ਏਅਰੋ ਸ਼ੋਅ ਕਰਵਾਇਆ ਜਾ ਰਿਹਾ ਹੈ। ਜਦਕਿ ਇਸੇ ਦਿਨ ਸ਼ਾਮ 6 ਵਜੇ ਕਿਲ੍ਹਾ ਮੁਬਾਰਕ ਵਿਖੇ ਸਤਿੰਦਰ ਸੱਤੀ ਤੇ ਫੈਸ਼ਨ ਡਿਜ਼ਾਈਨਰ ਏਲੀ ਤੇ ਕਿਮ ਵੱਲੋਂ ਰਵਾਇਤੀ ਪੰਜਾਬੀ ਪਹਿਰਾਵੇ ਦਾ ਫ਼ੈਸ਼ਨ ਸ਼ੋਅ 'ਰੰਗ ਪੰਜਾਬ ਦੇ' ਪੇਸ਼ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 16 ਫਰਵਰੀ ਨੂੰ ਸਵੇਰੇ 9 ਵਜੇ ਪੋਲੋ ਗਰਾਊਂਡ ਵਿਖੇ ਪਟਿਆਲਾ ਕੈਨਲ ਕਲੱਬ ਵੱਲੋਂ 62ਵੇਂ ਤੇ 63ਵੇਂ ਆਲ ਬਰੀਡ ਚੈਂਪਅਨਸ਼ਿਪ ਤਹਿਤ ਡਾਗ ਸ਼ੋਅ ਕਰਵਾਇਆ ਜਾਵੇਗਾ ਅਤੇ ਨਾਲ ਹੀ ਖਾਲਸਾ ਕਾਲਜ ਵਿਖੇ ਸਵੇਰੇ 9 ਵਜੇ ਪਟਿਆਲਾ ਮਿਲਟਰੀ ਲਿਟਰੇਚਰ ਫੈਸਟੀਵਲ ਹੋਵੇਗਾ । ਇਸੇ ਸ਼ਾਮ 6 ਵਜੇ ਕਿਲ੍ਹਾ ਮੁਬਾਰਕ ਵਿਖੇ ਵਿਸ਼ਵ ਪ੍ਰਸਿੱਧ ਸਿਤਾਰ ਨਵਾਜ਼ ਨਿਲਾਦਰੀ ਕੁਮਾਰ ਦੇ ਨਾਲ ਇੱਕ ਰੂਹਾਨੀ ਸ਼ਾਮ ਅਤੇ ਤਬਲਾ ਸੰਗਤ-ਪ੍ਰਸਿੱਧ ਤਬਲਾ ਵਾਦਕ ਸਤਿਅਜੀਤ ਤਲਵਲਕਰ ਵੱਲੋਂ ਪੇਸ਼ਕਾਰੀ ਕੀਤੀ ਜਾਵੇਗੀ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਸ਼ਹਿਰ ਦੇ ਵੱਖ ਵੱਖ ਸਥਾਨਾਂ 'ਤੇ ਹੋਣ ਵਾਲੇ ਸਮਾਗਮਾਂ ਵਿੱਚ ਦਾਖਲਾ ਫ੍ਰੀ ਹੈ । ਜਦਕਿ ਸ਼ੀਸ਼ ਮਹਿਲ ਵਿਖੇ ਲੱਗਣ ਵਾਲੇ ਸਰਸ ਮੇਲੇ ਦੀ ਟਿਕਟ 20 ਰੁਪਏ ਰੱਖੀ ਗਈ ਹੈ । ਉਨ੍ਹਾਂ ਦੱਸਿਆ ਲੋਕਾਂ ਦੀ ਸਹੂਲਤ ਲਈ ਪਾਰਕਿੰਗ ਸਮੇਤ ਸੁਚਾਰੂ ਟਰੈਫ਼ਿਕ ਲਈ ਪੂਰੇ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਹਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਰਸ ਮੇਲੇ 'ਚ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਵੱਲੋਂ 16 ਰਾਜਾਂ ਦੇ 300 ਤੋਂ ਵਧੇਰੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ । ਇਨ੍ਹਾਂ 'ਚ ਪੰਜਾਬ ਦੇ ਲੋਕ ਨਾਚਾਂ, ਮੁਰਲੀ ਰਾਜਸਥਾਨੀ ਦੀ ਪੰਜਾਬੀ ਲੋਕ ਗਾਇਕੀ, ਰਾਜਸਥਾਨ ਦਾ ਤੇਰਾਤਾਲ, ਹਰਿਆਣਾ ਦਾ ਘੂਮਰ, ਗੁਜਰਾਤ ਦਾ ਸਿੱਧੀ ਧਮਾਲ, ਉਤਰਾਖੰਡ ਦੇ ਛਪੇਲੀ, ਹਿਮਾਚਲ ਪ੍ਰਦੇਸ਼ ਦੇ ਨਾਟੀ, ਆਂਧਰਾ ਪ੍ਰਦੇਸ਼ ਦੇ ਤਪੜਗੁਲੂ ਨਾਚ, ਅਸਾਮ ਦੇ ਬੀਹੂ, ਛਤੀਸ਼ਗੜ੍ਹ ਦੇ ਪੰਥੀ, ਉਡੀਸ਼ਾ ਦੇ ਗੋਟੀਪੁਆ, ਜੰਮੂ ਕਸ਼ਮੀਰ ਦੀ ਧਮਾਲੀ ਦੀਆਂ ਪੇਸ਼ਕਾਰੀਆਂ ਹੋਣਗੀਆਂ । ਜਦੋਂਕਿ ਮੇਲੇ 'ਚ ਪੰਜਾਬ, ਹਰਿਆਣਾ, ਰਾਜਸਥਾਨ ਦੇ ਨਚਾਰ, ਜੋਗੀਆਂ ਵਾਲੀ ਬੀਨ, ਬੰਚਾਰੀ ਦਾ ਨਗਾੜਾ, ਬਹਿਰੂਪੀਏ, ਕੱਚੀ ਘੋੜੀ, ਪੌੜੀ 'ਤੇ ਤੁਰਨ ਵਾਲੇ, ਬਾਜੀਗਰ ਸਮੇਤ ਹੋਰ ਅਹਿਮ ਦਿਲਲੁਭਾਊ ਮੰਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਆਪਣਾ ਵੱਖਰਾ ਰੰਗ ਬਿਖੇਰਨਗੇ । ਉਨ੍ਹਾਂ ਦੱਸਿਆ ਕਿ ਸਰਸ ਮੇਲੇ 'ਚ 15 ਫਰਵਰੀ ਨੂੰ ਸਤਵਿੰਦਰ ਬੁੱਗਾ, 16 ਫਰਵਰੀ ਨੂੰ ਗਲੋਰੀ ਬਾਵਾ, 17 ਫਰਵਰੀ ਨੂੰ ਗੁਰਜੀਤ ਜੀਤੀ, 18 ਫਰਵਰੀ ਨੂੰ ਸਰਦਾਰ ਅਲੀ, 19 ਫਰਵਰੀ ਨੂੰ ਮੁਹੰਮਦ ਇਰਸ਼ਾਦ, 20 ਫਰਵਰੀ ਨੂੰ ਸਮਰ ਵੀਰ ਤੇ 21 ਫਰਵਰੀ ਨੂੰ ਰਣਜੀਤ ਬਾਵਾ ਸਭਿਆਚਾਰਕ ਪੇਸ਼ਕਾਰੀ ਕਰਨਗੇ ।

