post

Jasbeer Singh

(Chief Editor)

Patiala News

ਪਟਿਆਲਾ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜ

post-img

ਪਟਿਆਲਾ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜ - ਸਪੈਸ਼ਲ ਡੀਜੀਪੀ ਇਸ਼ਵਰ ਸਿੰਘ ਦੀ ਅਗਵਾਈ ਹੇਠ ਚਲਾਇਆ ਪੂਰੀ ਰਾਤ ਦਾ ਗਸ਼ਤ ਓਪਰੇਸ਼ਨ -‘ਨਾਈਟ ਡੌਮੀਨੇਸ਼ਨ’ ਤਹਿਤ ਜ਼ਿਲ੍ਹੇ ਭਰ ’ਚ ਨਾਕਿਆਂ ਦੀ ਜਾਂਚ - ਕਿਹਾ, ਪੰਜਾਬ ਪੁਲਿਸ , ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਕਾਨੂੰਨ ਵਿਵਸਥਾ ਲਾਗੂ ਕਰਨ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਵਚਨਬੱਧ -ਸਟਰੀਟ ਕ੍ਰਾਈਮ ਨੂੰ ਰੋਕਣਾ ਤੇ ਨਸ਼ਿਆਂ ਦਾ ਸਫ਼ਾਇਆ ਕਰਨਾ ਪੰਜਾਬ ਪੁਲਿਸ ਦੀ ਪ੍ਰਮੁੱਖ ਤਰਜੀਹ : ਸਪੈਸ਼ਲ ਡੀ. ਜੀ. ਪੀ. ਪਟਿਆਲਾ, 12 ਅਪ੍ਰੈਲ : ਪਟਿਆਲਾ ਪੁਲਸ ਨੇ ਅੱਜ 11-12 ਅਪ੍ਰੈਲ ਦੀ ਪੂਰੀ ਰਾਤ (ਰਾਤ 10 ਵਜੇ ਤੋਂ ਸਵੇਰੇ ਦੇ 4 ਵਜੇ ਤੱਕ) ਸਮੇਂ ਦੀ ਗਸ਼ਤ ਤੇ ਛਾਪੇਮਾਰੀ ਦਾ ਉਪਰੇਸ਼ਨ (ਨਾਈਟ ਡੋਮੀਨੇਸ਼ਨ ਉਪਰੇਸ਼ਨ) ਚਲਾਇਆ। ਪਟਿਆਲਾ ਜ਼ਿਲੇ ਦੀ ਨਿਗਰਾਨੀ ਲਈ ਤਾਇਨਾਤ ਸੀਨੀਅਰ ਆਈ. ਪੀ. ਐਸ. ਅਧਿਕਾਰੀ ਸਪੈਸ਼ਲ ਡੀ. ਜੀ. ਪੀ. ਇਸ਼ਵਰ ਸਿੰਘ ਦੀ ਅਗਵਾਈ ਹੇਠ ਪਟਿਆਲਾ ਪੁਲਿਸ ਨੇ ਐਸ. ਐਸ. ਪੀ. ਡਾ. ਨਾਨਕ ਸਿੰਘ ਦੀ ਦੇਖ ਰੇਖ ਹੇਠ ਅਪਰਾਧੀਆਂ ਦੀ ਪੈੜ ਨੱਪੀ । ਇਸ਼ਵਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਨੂੰਨ –ਵਿਵਸਥਾ ਲਾਗੂ ਕਰਨ ਅਤੇ ਭਾਈਚਾਰਕ ਸਾਂਝ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਇਹ ਵਿਸ਼ੇਸ਼ ਉਪਰੇਸ਼ਨ ਚਲਾਇਆ ਗਿਆ ਹੈ।             ਸਪੈਸ਼ਲ ਡੀ. ਜੀ. ਪੀ. ਨੇ ਅੱਜ ਦੇਰ ਰਾਤ ‘ਨਾਈਟ ਡੌਮੀਨੇਸ਼ਨ’ ਤਹਿਤ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦਾ ਅਚਨਚੇਤ ਦੌਰਾ ਕਰਦਿਆਂ, ਵੱਖ-ਵੱਖ ਨਾਕਿਆਂ ਦਾ ਨਿਰੀਖਣ ਕੀਤਾ ਅਤੇ ਸਬੰਧਤ ਅਧਿਕਾਰੀਆਂ ਤੇ ਨਾਗਰਿਕਾਂ ਨਾਲ ਸਿੱਧੇ ਤੌਰ ’ਤੇ ਰਾਬਤਾ ਕੀਤਾ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਾਈਟ ਡੌਮੀਨੇਸ਼ਨ ੳਪ੍ਰੇਸ਼ਨ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਤੋਂ ਇਲਾਵਾ ਵਿਸ਼ੇਸ਼ ਪੁਲਸ ਦੇ ਕੰਮਕਾਜ ਦੀ ਸਮੀਖਿਆ ਤੇ ਕੰਮ ਦੀ ਨਿਗਰਾਨੀ ਕੀਤੀ ਹੈ ।                 ਇਸ ਦੌਰਾਨ ਉਨ੍ਹਾਂ ਨੇ ਪੁਲਿਸ ਅਤੇ  ਲੋਕਾਂ ਦਰਮਿਆਨ ਤਜ਼ਰਬਿਆਂ ਬਾਰੇ ਸਿੱਧੀ ਫੀਡਬੈਕ ਲੈਣ ਲਈ ਮੌਕੇ ‘ਤੇ ਮੌਜੂਦ ਲੋਕਾਂ ਨਾਲ ਵੀ ਗੱਲਬਾਤ ਕੀਤੀ । ਉਨ੍ਹਾਂ ਕਿਹਾ ਕਿ ਇਹ ਤਸੱਲੀ ਵਾਲੀ ਗੱਲ ਹੈ ਕਿ ਪੁਲਸ ਦੀ ਵਧੀ ਹੋਈ ਮੌਜੂਦਗੀ ਨਾਲ ਆਮ ਲੋਕ ਸੁਰੱਖਿਅਤ ਮਹਿਸੂਸ ਕਰਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਟੀਚਾ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਪੂਰਨ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸਿੰਗ ਰਾਹੀਂ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਹੈ ।    ਵਿਸ਼ੇਸ਼ ਨਾਕਿਆਂ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ, ਸਪੈਸ਼ਲ ਡੀ. ਜੀ. ਪੀ. ਨੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉੱਚੇ ਪੇਸ਼ੇਵਰਾਨਾ ਮਿਆਰ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਜ਼ੋਰ ਦੇ ਕੇ ਕਿਹਾ ,‘‘ਇਹ ਵਿਸ਼ੇਸ਼ ਵਾਹਨ ਚੈਕਿੰਗ ਵਧੀ ਹੋਈ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਕਾਨੂੰਨ-ਵਿਵਸਥਾ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਇਸੇ ਤਰ੍ਹਾਂ ਜਾਰੀ ਰਹੇਗੀ। ਇਸ਼ਵਰ ਸਿੰਘ ਨੇ ਕਿਹਾ ਕਿ ਸਟਰੀਟ ਕ੍ਰਾਈਮ ਨੂੰ ਰੋਕਣਾ ਅਤੇ ਨਸ਼ਿਆਂ ਦਾ ਸਫ਼ਾਇਆ ਕਰਨਾ ਪੰਜਾਬ ਪੁਲਿਸ ਦੀ ਪ੍ਰਮੁੱਖ ਤਰਜੀਹ ਹੈ ।

Related Post