ਨਕਲੀ ਦਵਾਈਆਂ ਦੀਆਂ ਫੈਕਟਰੀਆਂ ਤੇ ਪੁਲਸ ਨੇ ਮਾਰਿਆ ਛਾਪਾ ਜ਼ੀਰਕਪੁਰ, 16 ਜਨਵਰੀ 2026 : ਪੰਜਾਬ ਦੇ ਜੀਰਕਪੁਰ ਵਿਖੇ ਨਕਲੀ ਦਵਾਈਆਂ ਦੇ ਰੈਕੇਟ ਦਾ ਪਰਦਾ ਉਸ ਸਮੇਂ ਫਾਸ਼ ਹੋਇਆ ਜਦੋਂ ਮੋਹਾਲੀ ਪੁਲਸ ਨੇ ਦੋ ਫੈਕਟਰੀਆਂ ਤੇ ਛਾਪਾ ਮਾਰਿਆ। ਜੀਰਕਪੁਰ ਦੇ ਕਿਹੜੇ ਖੇਤਰ ਵਿਚ ਸੀ ਫੈਕਟਰੀਆਂ ਪੰਜਾਬ ਦੇ ਜਿਲਾ ਮੋਹਾਲੀ ਦੀ ਪੁਲਸ ਵਲੋਂ ਜ਼ੀਰਕਪੁਰ ਵਿਖੇ ਜਿਨ੍ਹਾਂ ਦੋ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਤੇ ਛਾਪਾਮਾਰੀ ਕੀਤੀ ਗਈ ਹੈ ਉਹ ਜੀਰਕਪੁਰ ਦੇ ਪ੍ਰਭਾਤ ਗੋਦਾਮ ਖੇਤਰ ਵਿਚ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਦੇਰ ਸ਼ਾਮ ਪੁਲਸ ਦੀਆਂ ਟੀਮਾਂ ਨੇ ਦੋ ਫੈਕਟਰੀਆਂ ‘ਤੇ ਛਾਪਾ ਮਾਰਿਆ ਜਿੱਥੇ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਅਤੇ ਘਟੀਆ ਐਲੋਪੈਥਿਕ ਅਤੇ ਆਯੁਰਵੈਦਿਕ ਦਵਾਈਆਂ ਬਣਾਈਆਂ ਜਾ ਰਹੀਆਂ ਸਨ । ਪੁਲਸ ਨੇ ਤੁਰੰਤ ਕੀਤਾ ਫੂਡ ਸੇਫਟੀ ਤੇ ਡਰੱਗ ਕੰਟਰੋਲ ਨੂੰ ਸੂਚਿਤ ਜਦੋਂ ਪੰਜਾਬ ਪੁਲਸ ਵਲੋਂ ਫੈਕਟਰੀਆਂ ਤੇ ਰੇਡ ਕੀਤੀ ਗਈ ਤਾਂ ਉਥੇ ਦਾ ਹਾਲ ਦੇਖ ਸਭ ਤੋਂ ਪਹਿਲਾਂ ਉਨ੍ਹਾਂ ਤੁਰੰਤ ਫੂਡ ਸੇਫਟੀ ਅਤੇ ਡਰੱਗ ਕੰਟਰੋਲ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੱਦਿਆ ਤਾਂ ਜੋ ਕੰਮ ਦੇ ਮੁਤਾਬਕ ਜਾਂਚ ਕੀਤੀ ਜਾ ਸਕੇ। ਜਿਸ ਦੌਰਾਨ ਇਨ੍ਹਾਂ ਫੈਕਟਰੀਆਂ ਤੋਂ ਵੱਡੀ ਮਾਤਰਾ ਵਿਚ ਨਕਲੀ ਐਲੋਪੈਥਿਕ ਦਵਾਈਆਂ, ਆਯੁਰਵੈਦਿਕ ਉਤਪਾਦ, ਫੂਡ ਸਪਲੀਮੈਂਟ ਅਤੇ ਸੁੰਦਰਤਾ ਉਤਪਾਦ ਬਰਾਮਦ ਕੀਤੇ । ਹੈਰਾਨੀ ਦੀ ਗੱਲ ਹੈ ਕਿ ਇਹ ਫੈਕਟਰੀਆਂ ਬਿਨਾਂ ਕਿਸੇ ਵੈਧ ਲਾਇਸੈਂਸ ਦੇ ਅਤੇ ਬਹੁਤ ਹੀ ਗੰਦੇ ਹਾਲਾਤਾਂ ‘ਚ ਕੰਮ ਕਰ ਰਹੀਆਂ ਸਨ। ਮੁੱਢਲੀ ਜਾਂਚ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਫੈਕਟਰੀਆਂ ਵਿਚੋਂ ਇੱਕ ਪਹਿਲਾਂ ਟੈਸਟ ਦੇ ਨਤੀਜਿਆਂ ਵਿਚ ਅਸਫਲ ਰਹੀ ਸੀ, ਜਿਸਦੇ ਨਤੀਜੇ ਵਜੋਂ 16 ਲੱਖ ਦਾ ਜੁਰਮਾਨਾ ਲਗਾਇਆ ਗਿਆ ਸੀ। ਇਸ ਦੇ ਬਾਵਜੂਦ, ਅਧਿਕਾਰੀਆਂ ਤੋਂ ਬਚਦੇ ਹੋਏ ਕਈ ਸਾਲਾਂ ਤੋਂ ਗੈਰ-ਕਾਨੂੰਨੀ ਗਤੀਵਿਧੀਆਂ ਜਾਰੀ ਰਹੀਆਂ। ਜਾਂਚ ਚੱਲੀ ਕਈ ਘੰਟਿਆਂ ਤੱਕ ਫੈਕਟਰੀਆਂ ਦੀ ਜਾਂਚ ਦੌਰਾਨ ਜਦੋਂ ਡਰੱਗ ਕੰਟਰੋਲ ਵਿਭਾਗ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ ਤਾਂ ਲਗਭਗ ਛੇ ਘੰਟੇ ਤੱਕ ਪੂਰੀ ਜਾਂਚ ਕੀਤੀ ਅਤੇ ਦਰਜਨਾਂ ਉਤਪਾਦ ਨਮੂਨੇ ਇਕੱਠੇ ਕੀਤੇ । ਜਾਂਚ ਤੋਂ ਬਾਅਦ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੀ ਇੱਕ ਫੈਕਟਰੀ ਨੂੰ ਮੌਕੇ ‘ਤੇ ਹੀ ਸੀਲ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ ਅਤੇ ਉੱਥੇ ਬਣਾਏ ਜਾਣ ਵਾਲੇ ਉਤਪਾਦ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੇ ਹਨ।
