ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਪ੍ਰਸ਼ਾਸਨਿਕ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ ਘੱਗਰ, ਬਰਸਾਤੀ ਨਾਲਿਆਂ, ਨਹਿਰਾਂ ਵਿੱਚ ਪਾਣੀ ਦੇ ਪੱਧਰ ’ਤੇ ਨਿਰੰਤਰ ਚੌਕਸੀ ਰੱਖਣ ਦੇ ਹੁਕਮ ਸੰਗਰੂਰ, 2 ਅਗਸਤ : ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਬਰਸਾਤ ਕਾਰਨ ਆਏ ਹੜ੍ਹਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਗਏ ਪ੍ਰਸ਼ਾਸਨਿਕ ਪ੍ਰਬੰਧਾਂ ਬਾਰੇ ਵਿਸਥਾਰ ਵਿੱਚ ਸਮੀਖਿਆ ਮੀਟਿੰਗ ਕੀਤੀ ਅਤੇ ਘੱਗਰ ਦਰਿਆ ਸਮੇਤ ਜ਼ਿਲ੍ਹੇ ਵਿੱਚੋਂ ਲੰਘਦੇ ਬਰਸਾਤੀ ਨਾਲਿਆਂ, ਨਹਿਰਾਂ ਵਿੱਚ ਪਾਣੀ ਦੇ ਪੱਧਰ ’ਤੇ ਨਿਰੰਤਰ ਚੌਕਸੀ ਰੱਖਣ ਦੇ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ 01672-234196 ’ਤੇ ਪ੍ਰਾਪਤ ਹੋਣ ਵਾਲੀ ਕਿਸੇ ਵੀ ਸੂਚਨਾ ਜਾਂ ਸ਼ਿਕਾਇਤ ਦਾ ਫੌਰੀ ਨਿਪਟਾਰਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਡਰੇਨੇਜ਼ ਦੀ ਸਫ਼ਾਈ ਤੇ ਗੰਦੇ ਪਾਣੀ ਦੇ ਨਿਕਾਸ, ਹੜ੍ਹਾਂ ਨਾਲ ਸਬੰਧਤ ਰਾਹਤ ਸਮੱਗਰੀ ਦੀ ਉਪਲਬਧਤਾ ਸਬੰਧੀ ਤਿਆਰੀ, ਕਿਸ਼ਤੀਆਂ ਚਲਾਉਣ ਵਾਲੇ ਅਤੇ ਤੈਰਨ ਵਾਲੇ ਮਾਹਿਰ ਕਰਮਚਾਰੀਆਂ, ਮੈਡੀਕਲ ਸੁਵਿਧਾਵਾਂ ਦੀ ਉਪਲਬਧਤਾ, ਖਾਣ ਪੀਣ ਵਾਲੀਆਂ ਵਸਤਾਂ ਦੇ ਭੰਡਾਰ, ਪਸ਼ੂਆ ਦੇ ਚਾਰੇ ਤੇ ਡਾਕਟਰੀ ਸੇਵਾਵਾਂ, ਬਿਜਲੀ ਦੀ ਨਿਰਵਿਘਨ ਸਪਲਾਈ ਤੇ ਆਵਾਜਾਈ ਨੂੰ ਸੁਚਾਰੂ ਰੱਖਣ, ਸ਼ਹਿਰਾਂ ਤੇ ਪਿੰਡਾਂ ਵਿੱਚ ਪਾਣੀ ਦੀ ਨਿਯਮਤ ਨਿਕਾਸੀ, ਪੁਲਿਸ ਗਸ਼ਤ ਤੇ ਰਿਲੀਫ਼ ਕੈਂਪਾਂ ਦੀ ਸਥਾਪਨਾ ਸਬੰਧੀ ਵਿਸਥਾਰ ਵਿੱਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਅਜਿਹੀ ਕਿਸੇ ਵੀ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਪੱਧਰ ’ਤੇ ਤਿਆਰੀਆਂ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਨਾ ਵਰਤੀ ਜਾਵੇ ਅਤੇ ਇਸ ਸਬੰਧੀ ਸਮੂਹ ਉਪ ਮੰਡਲ ਮੈਜਿਸਟਰੇਟ ਸਬ ਡਵੀਜ਼ਨਾਂ ਵਿੱਚ ਕੀਤੇ ਪ੍ਰਬੰਧਾਂ ਦੀ ਨਿਰੰਤਰ ਨਿਗਰਾਨੀ ਕਰਨ ਨੂੰ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ, ਪਾਣੀ ਦੇ ਨਿਰੰਤਰ ਸੈਂਪਲ ਲੈ ਕੇ ਜਾਂਚ ਕਰਵਾਉਣ, ਡਰੇਨਾਂ ਤੇ ਨਾਲਿਆਂ ਦੀ ਸਫ਼ਾਈ, ਡੇਂਗੂ ਸਮੇਤ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਫੋਗਿੰਗ ਤੇ ਖੜ੍ਹੇ ਪਾਣੀ ’ਤੇ ਲਾਰਵਾਸਾਈਡ ਦਵਾਈ ਦਾ ਸਪਰੇਅ ਕਰਦੇ ਰਹਿਣ ਦੀ ਹਦਾਇਤ ਕੀਤੀ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਵਣ ਮੰਡਲ ਅਫ਼ਸਰ ਮੋਨਿਕਾ ਦੇਵੀ ਯਾਦਵ, ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਸੁਨਾਮ ਪ੍ਰਮੋਦ ਸਿੰਗਲਾ, ਐਸ.ਡੀ.ਐਮ ਲਹਿਰਾ ਸੂਬਾ ਸਿੰਘ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਭਵਾਨੀਗੜ੍ਹ ਵਿਨੀਤ ਕੁਮਾਰ, ਜ਼ਿਲ੍ਹਾ ਮਾਲ ਅਫ਼ਸਰ ਬਾਦਲਦੀਨ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਸਿਵਲ ਸਰਜਨ, ਐਕਸੀਅਨ ਡਰੇਨੇਜ਼, ਐਕਸੀਅਨ ਮੰਡੀ ਬੋਰਡ, ਐਕਸੀਅਨ ਜਲ ਸਪਲਾਈ ਤੇ ਸੀਵਰੇਜ ਬੋਰਡ ਸਮੇਤ ਹੋਰ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।
