

ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਵੱਲੋਂ ਪਟਿਆਲਾ ਦੇ ਲੋਕਾਂ ਦੇ ਨਾਮ ’ਤੇ ਦਿੱਤੇ ਸੰਦੇਸ਼ ਦਾ ਜਵਾਬ ਦਿੱਤਾ ਹੈ। ਕਾਂਗਰਸੀ ਉਮੀਦਵਾਰ ਨੇ ਕਿਹਾ, ‘‘ਪਟਿਆਲਾ ਦੇ ਵੱਡੇ ਮੁੱਦਿਆਂ ਦਾ ਸਥਾਈ ਹੱਲ ਕਰਨ ਵੱਲ ਤੁਸੀਂ ਕਦੇ ਵੀ ਗ਼ੌਰ ਨਹੀਂ ਕੀਤੀ ਜੇਕਰ ਗ਼ੌਰ ਕੀਤੀ ਹੁੰਦੀ ਤਾਂ ਪਟਿਆਲਾ ਦੇ ਲੋਕ ਹੜ੍ਹਾਂ ਕਾਰਨ ਹਰ ਸਾਲ ਤਬਾਹੀ ਨਾ ਸਹਿੰਦੇ। ਜੇਕਰ ਤੁਹਾਡੇ ਪਤੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਵੱਲੋਂ ਰਾਜਪੁਰਾ ਤੋਂ ਚੰਡੀਗੜ੍ਹ ਤੱਕ ਦਾ ਰੇਲਵੇ ਲਾਈਨ ਵਿਛਾਉਣ ਲਈ ਥਾਂ ਉਪਲਬਧ ਕਰਵਾ ਦਿੱਤੀ ਹੁੰਦੀ ਤਾਂ ਅੱਜ ਚੰਡੀਗੜ੍ਹ ਜਾਣ ਲਈ ਮਾਲਵੇ ਦੇ ਲੋਕ ਬੱਸਾਂ ਵਿਚ ਧੱਕੇ ਨਾ ਖਾਂਦੇ।’’ ਡਾ. ਧਰਮਵੀਰ ਗਾਂਧੀ ਨੇ ਕਿਹਾ, ‘‘ਉਮਰ ਨੂੰ ਦੇਖਦਿਆਂ ਤੁਸੀਂ ਮੇਰੀ ਭੈਣ ਦੇ ਦਰਜੇ ਵਿਚ ਆਉਂਦੇ ਹੋ, ਪਰ ਜਦੋਂ ਪਟਿਆਲਾ ਦੇ ਲੋਕਾਂ ਦੇ ਭਲੇ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਪਟਿਆਲਾ ਦੇ ਲੋਕਾਂ ਨੂੰ ਮਹਿਜ਼ ਵੋਟਾਂ ਲਈ ਹੀ ਵਰਤਿਆ, ਤੁਹਾਡੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਨਾਲ ਕਈ ਸਾਲਾਂ ਤੋਂ ਸਾਂਝ ਬਣ ਗਈ ਸੀ, ਤੁਸੀਂ ਵੀ ਕਾਂਗਰਸ ਦੇ ਸੰਸਦ ਮੈਂਬਰ ਹੋਣ ਦੇ ਬਾਵਜੂਦ ਭਾਜਪਾ ਵਰਕਰਾਂ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੁੰਦੇ ਰਹੇ ਹੋ ਪਰ ਤੁਸੀਂ ਕੇਂਦਰ ਸਰਕਾਰ ਤੋਂ ਪਟਿਆਲਾ ਲਈ ਇਕ ਵੀ ਪ੍ਰਾਜੈਕਟ ਨਹੀਂ ਲੈ ਕੇ ਆਉਂਦਾ। ਸੈਂਕੜੇ ਕਿੱਲੋ ਮੀਟਰ ਘੱਗਰ ਪੰਜਾਬ ਦਾ ਨੁਕਸਾਨ ਕਰਦਾ ਹੈ ਪਰ ਤੁਸੀਂ ਚੋਣਾਂ ਮੌਕੇ ਘੱਗਰ ਦਾ ਸਥਾਈ ਹੱਲ ਕਰਨ ਦਾ ਵਾਅਦਾ ਕਰਦੇ ਹੋ ਪਰ ਵੋਟਾਂ ਲੈਣ ਤੋਂ ਬਾਅਦ ਸੱਤਾ ਦਾ ਸੁੱਖ ਮਾਣਦੇ ਹੋ।’’ ਉਨ੍ਹਾਂ ਕਿਹਾ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੂੰ ਆਧੁਨਿਕ ਤਕਨੀਕ ਨਾਲ ਲੈਸ ਨਹੀਂ ਕਰ ਸਕੇ। ਮਾਲਵੇ ਦੇ ਗ਼ਰੀਬਾਂ ਦੀ ਪੰਜਾਬੀ ਯੂਨੀਵਰਸਿਟੀ ਵਿੱਤੀ ਘਾਟੇ ਵਿਚ ਚੱਲ ਰਹੀ ਹੈ ਪਰ ਕਦੇ ਵੀ ਇਸ ਯੂਨੀਵਰਸਿਟੀ ਨੂੰ ਵਿੱਤੀ ਘਾਟੇ ਵਿਚੋਂ ਕੱਢਣ ਦੀ ਚਾਰਾਜੋਈ ਨਹੀਂ ਕੀਤੀ। ਪਟਿਆਲਾ ਰਿਆਸਤ ਨੂੰ ਸੈਰ ਸਪਾਟਾ ਹੱਬ ਵਜੋਂ ਉਭਾਰਨਾ ਬਣਦਾ ਸੀ ਪਰ ਪ੍ਰਨੀਤ ਕੌਰ ਤੇ ਕੈਪਟਨ ਨੇ ਵਿਰਾਸਤੀ ਇਮਾਰਤਾਂ ਨੂੰ ਹੀ ਲੋਕਾਂ ਤੋਂ 12-13 ਸਾਲਾਂ ਤੋਂ ਦੂਰ ਕਰ ਰੱਖਿਆ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਵੀ ਪਟਿਆਲੇ ਲਈ ਕੁਝ ਨਹੀਂ ਕੀਤਾ। ਇਸ ਦੌਰਾਨ ਡਾ. ਗਾਂਧੀ ਨੇ ਬੀਬੀ ਪ੍ਰਨੀਤ ਕੌਰ ਨੂੰ ਹੋਰ ਵੀ ਕਈ ਸਾਰੇ ਸਵਾਲ ਕੀਤੇ।