

‘‘ਕਾਂਗਰਸ ਦੇ ਰਾਜ ਵਿਚ ਕੇਵਲ ਘੁਟਾਲੇ ਅਤੇ ਬੰਬ ਧਮਾਕੇ ਹੁੰਦੇ ਸਨ ਪਰ ਮੋਦੀ ਰਾਜ ਵਿਚ ਧਮਾਕਿਆਂ ਨੂੰ ਰੋਕ ਲੱਗ ਕੇ ਵਿਕਾਸ ਹੋ ਰਿਹਾ ਹੈ ਅਤੇ ਭਾਜਪਾ ਸਰਕਾਰ ਵੱਲੋਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਦੇ ਹਿੱਤ ਵਿੱਚ ਲਏ ਗਏ ਫ਼ੈਸਲਿਆਂ ਕਾਰਨ ਭਾਰਤ ਵਿਸ਼ਵ ਵਿਚ ਮਜ਼ਬੂਤ ਹੋ ਕੇ ਚਮਕਿਆ ਹੈ’’। ਇਹ ਸ਼ਬਦ ਭਾਜਪਾ ਦੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿਚ ਰਾਜਪੁਰਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵੱਲੋਂ ਰੱਖੀ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਕਹੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਕਾਰਨ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਅੱਧੀ ਕੈਬਨਿਟ ਜੇਲ੍ਹ ਵਿਚ ਬੰਦ ਹੈ ਅਤੇ ਚੋਣਾਂ ਤੋਂ ਬਾਅਦ ਪੰਜਾਬ ਦੇ ਮੰਤਰੀ ਵੀ ਜੇਲ੍ਹ ਵਿੱਚ ਹੋਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਸ਼ੇਖਾਵਤ ਨੇ ਕਿਹਾ ਕਿ ਇਸ ਵਾਰ 400 ਤੋਂ ਵੱਧ ਸੀਟਾਂ ਹਾਸਲ ਕਰਕੇ ਮਜ਼ਬੂਤ ਸਰਕਾਰ ਬਣਾਏਗੀ। ਇਸ ਮੌਕੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਭਾਰਤ ਦੇਸ਼ ਅੰਦਰ ਮੁੜ ਤੋਂ ਭਾਜਪਾ ਸਰਕਾਰ ਬਣਨੀ ਤੈਅ ਹੈ ਤੇ ਇਸ ਸਭ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਦੇ ਸਿਰ ਜਾਂਦਾ ਹੈ ਕਿਉਂ ਕਿ ਉਨ੍ਹਾਂ ਨੇ ਦੇਸ਼ ਹਿੱਤ ਵਿਚ ਸਖ਼ਤੀ ਨਾਲ ਲੋਕ ਭਲਾਈ ਦੇ ਫ਼ੈਸਲੇ ਲਏ ਹਨ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਮਲ ਦੇ ਫੁੱਲ ਉੱਤੇ ਵੋਟਾਂ ਪਾ ਕੇ ਭਾਜਪਾ ਨੂੰ ਮਜ਼ਬੂਤ ਕਰਨ। ਇਸ ਦੌਰਾਨ ਭਾਜਪਾ ਹਲਕਾ ਇੰਚਾਰਜ ਜਗਦੀਸ਼ ਜੱਗਾ ਵੱਲੋਂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਨੂੰ ਸਨਮਾਨਿਤ ਕਰਦਿਆਂ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਰਣਇੰਦਰ ਸਿੰਘ ਟਿੰਕੂ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਨੰਦਾ, ਰੁਪਿੰਦਰ ਸਿੰਘ ਸੰਧੂ, ਡਾ. ਨੰਦ ਲਾਲ ਤੇ ਐਡਵੋਕੇਟ ਇਕਬਾਲ ਸਿੰਘ ਕੰਬੋਜ ਆਦਿ ਹਾਜ਼ਰ ਸਨ।