7 ਨਵੰਬਰ ਨੂੰ ਤਰਨ ਤਾਰਨ ਵਿੱਚ ਜੇਲ੍ਹ ਭਰੋ ਅੰਦੋਲਨ ਦੀਆਂ ਤਿਆਰੀਆਂ ਮੁਕੰਮਲ: ਮਦਨੀਪੁਰ
- by Jasbeer Singh
- November 6, 2025
7 ਨਵੰਬਰ ਨੂੰ ਤਰਨ ਤਾਰਨ ਵਿੱਚ ਜੇਲ੍ਹ ਭਰੋ ਅੰਦੋਲਨ ਦੀਆਂ ਤਿਆਰੀਆਂ ਮੁਕੰਮਲ: ਮਦਨੀਪੁਰ ਅੱਠ ਮਹੀਨਿਆਂ ਤੋਂ ਤਨਖਾਹਾਂ ਦਾ ਇੰਤਜਾਰ ਕਰ ਰਹੀ ਏਡਿਡ ਸਕੂਲ ਯੂਨੀਅਨ ਨੇ ਭਗਵੰਤ ਮਾਨ ਅਤੇ ਕੇਜ਼ਰੀਵਾਲ ਤੋਂ ਪੁੱਛੇ 10 ਸਵਾਲ ਪੰਜਾਬ ਦੇ ਏਡਿਡ ਸਕੂਲ ਅਧਿਆਪਕਾਂ ਨੂੰ ਅੱਠ ਮਹੀਨੇ ਤੋਂ ਸਰਕਾਰ ਤਨਖਾਹਾਂ ਕਿਉਂ ਨਹੀਂ ਦੇ ਰਹੀ ? ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਜਵਾਬ ਦੇਣ, ਆਖਿਰ ਇਨ੍ਹਾਂ ਏਡਡ ਸਕੂਲ ਅਧਿਆਪਕਾਂ ਦਾ ਕਸੂਰ ਕੀ ਹੈ? ਪਟਿਆਲਾ, 6 ਨਵੰਬਰ 2025 : ਪੰਜਾਬ ਦੇ ਸਮੂਹ ਏਡਿਡ ਸਕੂਲ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੁਆਰਾ ਇਹਨਾਂ ਸਕੂਲ਼ਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀਆਂ ਅੱਠ ਮਹੀਨਿਆਂ ਤੋਂ ਰੋਕੀਆਂ ਤਨਖਾਹਾਂ ਦੇ ਪ੍ਰਤਿ ਵਿਰੋਧ ਪ੍ਰਗਟ ਕਰਨ ਲਈ 7 ਨਵੰਬਰ ਨੂੰ ਤਰਨ ਤਾਰਨ ਸਾਹਿਬ ਵਿਖੇ ਹਜ਼ਾਰਾਂ ਵਰਕਿੰਗ ਅਤੇ ਰਿਟਾਇਰਡ ਕਰਮਚਾਰੀਆਂ ਵੱਲੋਂ ਗਿਰਫਤਾਰੀਆਂ ਦਿੱਤੀਆਂ ਜਾਣਗੀਆਂ ਅਤੇ ਇਸ ਸੰਬੰਧ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ,ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ,ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਸਕੂਲ ਮੈਨੇਜਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਚਾਵਲਾ ਨੇ ਦਿੱਤੀ। ਇਸ ਮੌਕੇ ਤੇ ਇੱਕ ਪ੍ਰੈਸ ਬਿਆਨ ਰਾਹੀਂ ਇਹਨਾਂ ਨੇਤਾਵਾਂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ 10 ਗੰਭੀਰ ਸਵਾਲ ਪੁੱਛਦੇ ਹੋਏ ਕਿਹਾ ਕਿ ਇਹ ਦੋਵੇਂ ਨੇਤਾ ਜਨਤਾ ਨੂੰ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀਆਂ ਅੱਠ ਮਹੀਨਿਆਂ ਤੋਂ ਰੋਕੀਆਂ ਤਨਖਾਹਾਂ ਦਾ ਕਾਰਨ ਦੱਸਣ। ਉਹਨਾਂ ਨੇ ਏਡਿਡ ਸਕੂਲ ਕਰਮਚਾਰੀਆਂ ਦਾ ਕਸੂਰ ਪੁੱਛਦਿਆਂ ਕਿਹਾ ਕਿ ਕੀ ਇਹਨਾਂ ਹਜ਼ਾਰਾਂ ਕਰਮਚਾਰੀਆਂ ਦਾ :- 1) ਕਸੂਰ ਇਹ ਹੈ ਕਿ ਇਨ੍ਹਾਂ ਏਡਿਡ ਸਕੂਲਾਂ ਦੇ ਅਧਿਆਪਕਾਂ ਨੇ ਅੱਠ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਬਾਵਜੂਦ ਵੀ ਪੂਰੀ ਤਨਦੇਹੀ ਨਾਲ ਪੜ੍ਹਾਉਣ ਦਾ ਕੰਮ ਜਾਰੀ ਰੱਖਿਆ ਹੈ? 2) ਕਸੂਰ ਇਹ ਹੈ ਕਿ ਇਹ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਚੰਗੇ ਸੰਸਕਾਰ ਵੀ ਲਗਾਤਾਰ ਦਿੰਦੇ ਆ ਰਹੇ ਹਨ? 3) ਕਸੂਰ ਇਹ ਹੈ ਕਿ ਇਹ ਅਧਿਆਪਕ ਵਿਦਿਆਰਥੀਆਂ ਨੂੰ ਦੇਸ਼ਭਗਤੀ ਦੀ ਸਿੱਖਿਆ ਦਿੰਦੇ ਹਨ ? ਇਹ ਉਹ ਸਕੂਲ ਹਨ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ , ਸਰਾਭਾ ਤੇ ਊਧਮ ਸਿੰਘ ਵਰਗੇ ਅਜਾਦੀ ਘੁਲਾਟੀਏ ਪੈਦਾ ਕੀਤੇ ਹਨ। 4) ਕਸੂਰ ਇਹ ਹੈ ਕਿ ਇਹ ਅਧਿਆਪਕ ਦੇਸ਼ ਲਈ ਅੰਤਰਰਾਸਟਰੀ ਪੱਧਰ ਦੇ ਖਿਡਾਰੀ ਤਿਆਰ ਕਰਦੇ ਆ ਰਹੇ ਹਨ ?ਜਿਨ੍ਹਾਂ ਨੇ ਸਿਰਫ ਉੱਚੇ ਉੱਚੇ ਅਹੁਦਿਆਂ ਤੇ ਮੌਜੂਦ ਸ਼ਾਸ਼ਕ, ਪ੍ਰਸ਼ਾਸਕ ਹੀ ਨਹੀਂ, ਖਿਡਾਰੀ, ਜੱਜ ਤੇ ਸਮਾਜ ਦੇ ਉਸਰਈਏ ਵੀ ਪੈਦਾ ਕੀਤੇ ਹਨ। 5) ਕਸੂਰ ਇਹ ਹੈ ਕਿ ਇਹ ਅਧਿਆਪਕ ਪੜ੍ਹਾ ਕੇ ਦੇਸ਼ ਦੇ ਰਾਸ਼ਟਰੀ ਪੱਧਰ ਦੇ ਇਮਾਨਦਾਰ ਨੇਤਾ ਤਿਆਰ ਕਰਦੇ ਰਹੇ ਹਨ ? ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ, ਪੂਰਵ ਕੇਂਦਰੀ ਮੰਤਰੀ ਜਗਨਨਾਥ ਕੌਸ਼ਲ ਅਤੇ ਅੱਜ ਦੀ ਮੌਜੂਦਾ ਪੰਜਾਬ ਸਰਕਾਰ ਵਿੱਚ ਵਿੱਤ ਮੰਤਰੀ ਚੀਮਾ ਜੀ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਵੀ ਇਹਨਾਂ ਏਡਿਡ ਸਕੂਲਾਂ ਦੀ ਹੀ ਪੈਦਾਵਾਰ ਹਨ। 6) ਕਸੂਰ ਇਹ ਹੈ ਕਿ ਇਹ ਅਧਿਆਪਕ ਤਨਖਾਹਾਂ ਨਾ ਮਿਲਣ ਦੇ ਬਾਵਜੂਦ ਵੀ ਆਪਣੇ ਸਕੂਲਾਂ ਵਿਚ ਪੌਣੇ ਦੋ ਲੱਖ ਬੱਚਿਆਂ ਨੂੰ ਅੱਜ ਵੀ ਸਿੱਖਿਆ ਪ੍ਰਦਾਨ ਕਰ ਕੇ ਸਰਕਾਰ ਦੀ ਸਿੱਖਿਆ ਪ੍ਰਦਾਨ ਕਰਨ ਦੀ ਜਿੰਮੇਵਾਰੀ ਦਾ ਬੋਝ ਹਲਕਾ ਕਰ ਰਹੇ ਹਨ ? 7) ਕਸੂਰ ਇਹ ਹੈ ਕਿ ਇਹਨਾਂ ਵਿੱਚੋਂ ਵਧੇਰੇ ਸਕੂਲ ਦੇਸ਼ ਦੀ ਅਜ਼ਾਦੀ ਤੋਂ ਵੀ ਪਹਿਲਾਂ ਤੋਂ ਚੱਲਦੇ ਆ ਰਹੇ ਹਨ ਅਤੇ ਆਪਣੇ ਦੇਸ਼ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਅੱਜ ਵੀ ਸਾਂਭੀ ਬੈਠੇ ਹਨ ? 8) ਕਸੂਰ ਇਹ ਹੈ ਕਿ ਇਹ ਅਧਿਆਪਕ ਬੇਟੀ ਪੜ੍ਹਾਓ - ਬੇਟੀ ਬਚਾਓ ਮੁਹਿੰਮ ਦੇ ਸੱਚੇ ਪਹਿਰੇਦਾਰ ਬਣਕੇ ਪੰਜਾਬ ਦੀ ਅੱਸੀ ਹਜ਼ਾਰ ਤੋਂ ਵੀ ਵੱਧ ਲੜਕੀਆਂ ਨੂੰ ਪੜ੍ਹਾ ਲਿਖਾ ਕੇ ਆਪਣੇ ਪੈਰਾਂ ਤੇ ਖੜ੍ਹੇ ਕਰਨ ਵਿੱਚ ਆਪਣਾ ਅਣਮੁੱਲਾ ਯੋਗਦਾਨ ਪਾਉਂਦੇ ਆ ਰਹੇ ਹਨ ? 9) ਕੀ ਇਹਨਾਂ ਸਕੂਲਾਂ ਦੀਆਂ ਮੈਨਜਮੈਂਟਾਂ ਦਾ ਇਹੋ ਕਸੂਰ ਹੈ ਕਿ ਸਰਕਾਰ ਵੱਲੋਂ 1967 ਵਿੱਚ ਮਨਜੂਰ 9468 ਪੋਸਟਾਂ ਵਿੱਚੋਂ ਬਾਕੀ ਦੇ ਰਹਿ ਚੁੱਕੇ ਕੇਵਲ 1700 ਪੋਸਟਾਂ ਤੇ ਕੰਮ ਕਰ ਰਹੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੇ ਨਾਲ ਹੀ ਕੰਮ ਨਹੀਂ ਚਲਾ ਰਹੀਆਂ ਸਗੋਂ ਇਨ੍ਹਾਂ ਤੋਂ ਇਲਾਵਾ ਲੱਗਭਗ 10000 ਦੇ ਕਰੀਬ ਲੋਕਾਂ ਨੂੰ ਵੀ ਦਾਨ ਮੰਗ ਮੰਗ ਕੇ ਜਾਂ ਚੰਦਾ ਇਕੱਠਾ ਕਰਕੇ ਰੁਜਗਾਰ ਪ੍ਰਦਾਨ ਕਰਦੀਆਂ ਆ ਰਹੀਆਂ ਹਨ? 10) ਕੀ ਏਡਿਡ ਸਕੂਲਾਂ ਦਾ ਪ੍ਰਬੰਧ ਕਰ ਰਹੀਆਂ ਮੈਨੇਜਮੈਂਟਾਂ ਦਾ ਕਸੂਰ ਇਹ ਹੈ ਕਿ ਇਹ ਆਪਣੇ ਵਿਅਕਤੀਗਤ ਸਹਿਯੋਗ ਨਾਲ ਇਹਨਾਂ ਸਕੂਲਾਂ ਦੀਆਂ ਇਮਾਰਤਾਂ ਦੀ ਉਸਾਰੀ ਅਤੇ ਸਾਂਭ ਸੰਭਾਲ ਕਰਨ ਦੇ ਨਾਲ ਨਾਲ ਕੰਪਿਊਟਰ ਅਤੇ ਸਾਇੰਸ ਲੈਬੋਰੇਟਰੀਆਂ ਚਲਾਉਣ ਦੇ ਨਾਲ ਨਾਲ ਬਿਜਲੀ ਦੇ ਬਿੱਲ ਭਰਨ ਦੇ ਅਤਿਰਿਕਤ ਹੋਰ ਵੀ ਅਨੇਕਾਂ ਤਰ੍ਹਾਂ ਦੇ ਸਾਰੇ ਖਰਚੇ ਬਿਨਾ ਕਿਸੇ ਤਰ੍ਹਾਂ ਦੀ ਸਰਕਾਰੀ ਸਹਾਇਤਾ ਦੇ ਆਪਣੇ ਆਪ ਹੀ ਕਰਦੀਆਂ ਆ ਰਹੀਆਂ ਹਨ ? , ਸਾਡਾ ਸਵਾਲ ਕੇਵਲ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਜਾਂ ਵਿੱਤ ਮੰਤਰੀ ਹਰਪਾਲ ਚੀਮਾ ਜਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਹੀ ਨਹੀਂ, ਸਗੋਂ ਪੰਜਾਬ ਵਿੱਚ ਅਖੌਤੀ ਸਿੱਖਿਆ ਕ੍ਰਾਂਤੀ ਦਾ ਦਾਅਵਾ ਕਰਨ ਵਾਲੇ ਸੂਬਾ ਸਰਕਾਰ ਦੇ ਸਰਪ੍ਰਸਤ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਤੋਂ ਵੀ ਹੈ ਕਿ ਜੇਕਰ ਉਪਰੋਕਤ ਵਿਚੋਂ ਸਾਡਾ ਕੋਈ ਵੀ ਕਸੂਰ ਨਹੀਂ ਹੈ ਤਾਂ ਫੇਰ ਪੰਜਾਬ ਦੇ ਸਿੱਖਿਆ ਖੇਤਰ ਦੇ ਇਤਿਹਾਸ ਅਤੇ ਵਰਤਮਾਨ ਵਿੱਚ ਬਹੁਤ ਹੀ ਸ਼ਾਨਦਾਰ ਯੋਗਦਾਨ ਪਾਉਂਦੇ ਆ ਰਹੇ ਹਜ਼ਾਰਾਂ ਆਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀਆਂ ਅੱਠ ਅੱਠ ਮਹੀਨਿਆਂ ਤੋਂ ਤਨਖਾਹਾਂ ਰੋਕ ਕੇ ਆਪ ਸੱਭ ਕਿਉਂ ਪਾਪ ਦੇ ਭਾਗੀਦਾਰ ਬਣ ਰਹੇ ਹੋ ? ਇੱਕ ਗੱਲ ਹੋਰ ਆਪ ਸੱਭ ਨੂੰ ਚੇਤੇ ਕਰਵਾ ਦੇਣਾ ਅਸੀਂ ਆਪਣਾ ਫ਼ਰਜ਼ ਸਮਝਦੇ ਹਾਂ ਕਿ ਮਾਂ ਬਾਪ ਅਤੇ ਗੁਰੂਆਂ ਦੇ ਸ਼ਰਾਪ ਤੋਂ ਸਦਾ ਬੱਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਦੇ ਸ਼ਰਾਪ ਨਾਲ :- ਨਾ ਤਾਂ ਤਖ਼ਤ ਹੀ ਬਚਦੇ ਹਨ ਤੇ ਨਾ ਹੀ ਤਾਜ। ਨਾ ਤਾਂ ਰਾਜੇ ਹੀ ਰਹਿੰਦੇ ਹਨ ਤੇ ਨਾ ਹੀ ਰਾਜ।। ਇਸ ਲਈ ਹੁਣ ਵੀ ਮੌਕਾ ਹੈ, ਸਰਕਾਰ ਜੀ ਸੰਭਲ ਜਾਓ, ਆਪਣੇ ਨਾਦਰਸ਼ਾਹੀ ਫੁਰਮਾਨ ਵਾਪਸ ਲੈ ਕੇ ਸੂਬੇ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸਾਰੇ ਅਹੁਦਿਆਂ ਤੇ ਕੰਮ ਕਰ ਰਹੇ ਆਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀਆਂ ਤਨਖਾਹਾਂ ਦੀ ਅੱਠ ਮਹੀਨਿਆਂ ਤੋਂ ਰੋਕੀ ਗਈ ਗ੍ਰਾਂਟ ਤੁਰੰਤ ਜਾਰੀ ਕਰਕੇ ਆਪਣੀ ਭੁੱਲ ਬਖਸ਼ਵਾ ਲਿਓ। ਨਹੀਂ ਤਾਂ ਫ਼ਿਰ ਬਾਅਦ ਵਿੱਚ ਪਛਤਾਇਆਂ ਤੇ ਆਪ ਦੇ ਕੁਝ ਵੀ ਪੱਲੇ ਨਹੀਂ ਰਹਿਣਾ ਅਤੇ ਜੇਲ੍ਹ ਭਰੋ ਅੰਦੋਲਨ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਸਾਰੀ ਜ਼ਿੰਮੇਵਾਰੀ ਮੁਖਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਤੇ ਸਿੱਖਿਆ ਅਤੇ ਵਿੱਤ ਵਿਭਾਗ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੀ ਹੋਵੇਗੀ।
