 
                                              
                              ਹੜ੍ਹਾਂ ਦਾ ਟਾਕਰਾ ਕਰਨ ਲਈ ਪੰਜਾਬ ਸਰਕਾਰ ਅਤੇ ਲੋਕ ਹੋਏ ਇੱਕਜੁੱਟ ਵੱਖ-ਵੱਖ ਜਿ਼ਲ੍ਹਿਆਂ ਵਿੱਚ ਦਰਿਆਵਾਂ ਦੇ ਬੰਨ੍ਹਾਂ ਨੂੰ ਮਜਬੂਤ ਕਰਨ ਵਿੱਚ ਨਿੱਜੀ ਤੌਰ ਜੁਟੇ ਕੈਬਨਿਟ ਮੰਤਰੀ ਕੋਈ ਵੀ ਹੜ੍ਹ ਪੀੜਤ ਰਾਹਤ ਸਮੱਗਰੀ ਤੋਂ ਵਾਂਝਾ ਨਾ ਰਹੇ : ਐਡਵੋਕੇਟ ਹਰਪਾਲ ਸਿੰਘ ਚੀਮਾ ਰਾਹਤ ਕਾਰਜ ਮੁਕੰਮਲ ਹੋਣ ਡੱਟੇ ਰਹਾਂਗੇ: ਹਰਜੋਤ ਸਿੰਘ ਬੈਂਸ ਹਰਜੋਤ ਸਿੰਘ ਬੈਂਸ ਨੇ ਨੰਗਲ ਦੇ ਲਕਸ਼ਮੀ ਨਾਰਾਇਣ ਮੰਦਰ ਨੂੰ ਲੱਗੀ ਢਾਅ ਨੂੰ ਭਰਨ ਲਈ ਚਲਾਏ ਜਾ ਰਹੇ ਬਚਾਅ ਕਾਰਜ ਦੀ ਤੀਸਰੇ ਦਿਨ ਵੀ ਸੰਭਾਲੀ ਕਮਾਂਡ ਚੰਡੀਗੜ੍ਹ,7 ਸਤੰਬਰ 2025 : ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚਲਾਏ ਜਾ ਰਹੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਕੈਬਨਿਟ ਮੰਤਰੀ ਅਤੇ ਸੂਬਾ ਵਾਸੀ ਇਕਜੁੱਟ ਹੋ ਕੇ ਰਾਹਤ ਕਾਰਜ ਚਲਾ ਰਹੇ ਹਨ । ਕੈਬਨਿਟ ਮੰਤਰੀਆਂ ਵੱਲੋਂ ਵੱਡੇ ਪੱਧਰ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਜਿ਼ਲ੍ਹਿਆਂ ਵਿੱਚ ਦਰਿਆਵਾਂ ਦੇ ਬੰਨ੍ਹਾਂ ਨੂੰ ਮਜਬੂਤ ਕਰਨ ਵਿੱਚ ਕੈਬਨਿਟ ਮੰਤਰੀ ਨਿੱਜੀ ਤੌਰ ਜੁਟੇ ਹੋਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਵਿਚ ਆਪਣੇ ਦਫਤਰ ਵਿਖੇ ਲੋੜਵੰਦ ਹੜ੍ਹ ਪੀੜਤ ਪਰਿਵਾਰਾਂ ਲਈ ਵੰਡੇ ਜਾ ਰਹੇ ਰੋਜ਼ਾਨਾ ਦੀਆਂ ਜ਼ਰੂਰਤਾਂ ਦੇ ਸਮਾਨ ਦੀ ਪੈਕਿੰਗ ਕੀਤੀ ਗਈ । ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੋਈ ਵੀ ਹੜ੍ਹ ਪੀੜਤ ਰਾਹਤ ਸਮੱਗਰੀ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ । ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਾਹਤ ਸਮਗਰੀ ਦਾ ਇਹ ਸਾਰਾ ਸਮਾਨ ਬਿਨਾਂ ਕਿਸੇ ਸਰਕਾਰੀ ਮਦਦ ਦੇ ਇਕੱਤਰ ਕੀਤਾ ਹੈ, ਜਿਸ ਨੂੰ ਤਿਆਰ ਕਰਨ ਵਿੱਚ ਹਲਕਾ ਦਿੜ੍ਹਬਾ ਦੇ ਵਲੰਟੀਅਰਾਂ ਵੱਲੋ ਆਪਣੇ ਦਸਾਂ ਨਹੁਾਂ ਦੀ ਕਿਰਤ ਕਮਾਈ ਵਿਚੋਂ ਹਿੱਸਾ ਪਾਇਆ ਗਿਆ ਹੈ । ਇਸਦੇ ਨਾਲ ਹੀ ਉਨ੍ਹਾਂ ਅੱਜ ਜਿ਼ਲ੍ਹੇ ਦੇ ਵੈਟਰਨਰੀ ਅਫ਼ਸਰਾਂ ਵੱਲੋਂ ਇਕੱਤਰ ਰਾਹਤ ਸਮੱਗਰੀ ਦਾ ਟਰੱਕ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤਾ । ਇਸੇ ਤਰ੍ਹਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨੰਗਲ ਅਤੇ ਆਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਹੜ੍ਹਾਂ ਕਾਰਨ ਬਣੀ ਸਥਿਤੀ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਅਿਾ ਕਿ ਕੈਬਨਿਟ ਮੰਤਰੀ ਵੱਲੋ ਇਲਾਕੇ ਵਿੱਚ ਪੈਂਦੇ ਦਰਿਆਵਾਂ ਦੇ ਬੰਨ੍ਹਾਂ ਦੀ ਲਗਾਤਾਰ ਨਿੱਜੀ ਪੱਧਰ ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨੰਗਲ ਡੈਮ ਦੇ ਕਿਨਾਰੇ ਸਥਿਤ ਲਕਸ਼ਮੀ ਨਾਰਾਇਣ ਮੰਦਰ ਨੂੰ ਲੱਗੀ ਢਾਅ ਨੂੰ ਭਰਨ ਲਈ ਚਲਾਏ ਜਾ ਰਹੇ ਬਚਾਅ ਕਾਰਜ ਦੀ ਤੀਸਰੇ ਦਿਨ ਵੀ ਕਮਾਂਡ ਸੰਭਾਲੀ ਹੋਈ ਹੈ । ਉਨ੍ਹਾਂ ਕਿਹਾ ਕਿ ਜਦੋਂ ਤੱਕ ਰਾਹਤ ਕਾਰਜ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਇਥੇ ਹੀ ਡੱਟੇ ਰਹਿਣਗੇ । ਕੈਬਨਿਟ ਮੰਤਰੀ ਪੰਜਾਬ ਸਰਦਾਰ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਹਲਕਾ ਜੰਡਿਆਲਾ ਗੁਰੂ ਸਥਿਤ ਆਪਣੇ ਦਫ਼ਤਰ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਜਿਸ ਵਿੱਚ ਦਵਾਈਆਂ, ਸੁੱਕਾ ਦੁੱਧ, ਆਟਾ ਪਸ਼ੂਆਂ ਲਈ ਚੋਕਰ, ਚਾਰਾ ਆਦਿ ਸ਼ਾਮਲ ਹੈ, ਨੂੰ ਅਤੇ ਮੈਡੀਕਲ ਟੀਮ ਨੂੰ ਹਲਕਾ ਅਜਨਾਲਾ ਲਈ ਰਵਾਨਾ ਕੀਤਾ । ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ. ਟੀ. ਓ. ਨੇ ਅਜਨਾਲਾ ਸੈਕਟਰ ਦੇ ਪਿੰਡ ਮਲਿਕਪੁਰ ਅਤੇ ਸਰਾਏ ਵਿੱਚ ਰਾਹਤ ਸਮੱਗਰੀ ਦੀ ਵੰਡ ਕੀਤੀ ਗਈ।ਇਸ ਤੋਂ ਇਲਾਵਾ ਉਨ੍ਹਾਂ ਨੇ ਅੱਜ ਛੱਤ ਡਿੱਗਣ ਕਾਰਨ ਫੱਟੜ ਹੋਈ ਰੋਮਾਣਾ ਚੱਕ ਪਿੰਡ ਦੀ ਸਿਮਰਜੀਤ ਕੌਰ ਦਾ ਹਸਪਤਾਲ ਵਿੱਚ ਜਾ ਕੇ ਹਾਲ-ਚਾਲ ਜਾਣਿਆ ਅਤੇ ਉਸਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ । ਇਸੇ ਤਰ੍ਹਾਂ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਪੰਜਾਬ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਐਤਵਾਰ ਨੂੰ ਜਿ਼ਲ੍ਹਾ ਫ਼ਾਜਿ਼ਲਕਾ ਦੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹ ਕਿਸ਼ਤੀ ਰਾਹੀਂ ਗੁਲਾਬਾ ਭੈਣੀ ਪਿੰਡ ਤੱਕ ਰਾਹਤ ਸਮੱਗਰੀ ਲੈ ਕੇ ਪਹੁੰਚੇ ਅਤੇ ਇੱਥੇ ਖ਼ੁਦ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ। ਉਨ੍ਹਾਂ ਕਿਹਾ ਕਿ ਤਕਰੀਬਨ ਇੱਕ ਮਹੀਨੇ ਤੋਂ ਪੰਜਾਬ ਹੜ੍ਹਾਂ ਨਾਲ ਜੂਝ ਰਿਹਾ ਹੈ, ਪਰ ਬੜੀ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਹਾਲੇ ਤੱਕ ਵੀ ਰਿਪੋਰਟਾਂ ਦੀ ਉਡੀਕ ਵਿੱਚ ਲੱਗੀ ਹੋਈ ਹੈ । ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾਗਾਗਾ ਦੇ ਮਕਰੌੜ ਸਾਹਿਬ ਪੁਲ ਅਤੇ ਮੂਨਕ ਵਿਖੇ ਟੋਹਾਣਾ ਪੁਲ `ਤੇ ਘੱਗਰ ਦਰਿਆ ਦੇ ਖੇਤਰ ਵਾਲੇ ਪਿੰਡਾਂ ਚਾਦੂੰ, ਕੁੰਦਨੀ, ਸੁਰਜਨਭੈਣੀ, ਰਾਮਪੁਰ ਗੁਜਰਾਂ, ਫੂਲਦ, ਰਾਜਰਹੇੜੀ, ਡੂਡੀਆਂ ਸਮੇਤ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਮੌਜੂਦਾ ਹਾਲਾਤ ਦੌਰਾਨ ਪਿੰਡਾਂ ਦੇ ਲੋਕਾਂ ਵੱਲੋਂ ਘੱਗਰ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਗੋਇਲ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਘੱਗਰ ਸਬੰਧੀ ਸੰਭਾਵੀ ਹੜ੍ਹਾਂ ਦੇ ਹਾਲਾਤ ਦੇ ਟਾਕਰੇ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ ਤੇ ਕਿਸੇ ਵੀ ਕਿਸਮ ਦੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ । ਕੈਬਨਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਹੜ ਪ੍ਰਭਾਵ ਤੋਂ ਇਲਾਕਾ ਵਿੱਚ ਪਹੁੰਚ ਕੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਲੋੜੀਦੀ ਰਾਹਤ ਸਮੱਗਰ ਵੀ ਵੰਡੀ । ਇਸ ਦੌਰਾਨ ਗਿਆਨੀ ਰਘਬੀਰ ਸਿੰਘ ਜੀ, ਹੈਡ ਗ੍ਰੰਥੀ ਦਰਬਾਰ ਸਾਹਿਬ ਵੀ ਉਨ੍ਹਾਂ ਨਾਲ ਵਿਸ਼ੇਸ਼ ਤੌਰ `ਤੇ ਹੜ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਲਈ ਪਹੁੰਚੇ । ਉਨ੍ਹਾਂ ਵੱਲੋਂ ਧੁੱਸੀ ਬੰਨ੍ਹ ਦੇ ਕਿਨਾਰੇ ਵਸੇ ਪਿੰਡਾਂ ਘੜੁੰਮ, ਕੁੱਤੀਵਾਲਾ, ਬਸਤੀ ਲਾਲ ਸਿੰਘ, ਘੁੱਲੇਵਾਲਾ, ਸਭਰਾਂ, ਰਾਧਲਕੇ ਆਦਿ ਵਿਖੇ ਪਹੁੰਚ ਕੇ ਲੋਕਾਂ ਨੂੰ ਲੋੜੀਂਦੀ ਰਾਹਤ ਸਮੱਗਰੀ ਪਹੁੰਚਾਈ ਅਤੇ ਅੱਗੇ ਵੀ ਹਰ ਤਰ੍ਹਾਂ ਦੀ ਮੱਦਦ ਪਹੁੰਚਾਉਣ ਦਾ ਭਰੋਸਾ ਦਿੱਤਾ । ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਦੌਰਾ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮੱਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਅੱਜ ਲੰਬੀ ਹਲਕੇ ਦੇ ਪਿੰਡ ਮਿੱਡਾ, ਰਾਣੀਵਾਲਾ, ਸਰਾਵਾਂ ਅਤੇ ਪੱਕੀ ਟਿੱਬੀ ਵਿਖੇ ਦੌਰੇ ਕੀਤਾ । ਇਸੇ ਤਰ੍ਹਾਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕਿੱਟਾਂ ਦੀ ਵੰਡ ਕੀਤੀ ਅਤੇ ਨਾਲ ਹੀ ਆਸ਼ਾ ਵਰਕਰਾਂ ਨੁੰ ਹੁਕਮ ਦਿੱਤੇ ਕਿ ਉਹ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿਸੇ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਹੈਲਪਲਾਈਨ ਨੰਬਰ 104 ਤੇ ਡਾਇਲ ਕਰਨ ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                          
 
                      
                      
                      
                      
                     