ਪੰਜਾਬ ਪੁਲਸ ਨੇ ਕੀਤੀ ਨਸ਼ਾ ਵਿਰੋਧੀ ਮੁਹਿੰਮ ਤਹਿਤ 426 ਡਰੱਗ ਹੌਟਸਪੋਟਾਂ ਤੇ ਛਾਪੇਮਾਰੀ
- by Admin
- March 20, 2026
ਪੰਜਾਬ ਪੁਲਸ ਨੇ ਕੀਤੀ ਨਸ਼ਾ ਵਿਰੋਧੀ ਮੁਹਿੰਮ ਤਹਿਤ 426 ਡਰੱਗ ਹੌਟਸਪੋਟਾਂ ਤੇ ਛਾਪੇਮਾਰੀ ਚੰਡੀਗੜ੍ਹ, 20 ਮਾਰਚ 2026 : ਪੰਜਾਬ ਪੁਲਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਦੇ 383ਵੇਂ ਦਿਨ ਸੂਬੇ ਭਰ’ਚ ਡਰੱਗ ਹੌਟਸਪੌਟਸ ‘ਤੇ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ । ਕਿੰਨਿਆਂ ਤੇ ਕੀਤਾ ਕੇਸ ਦਰਜ ਤੇ ਕਿੰਨੇ ਕੀਤੇ ਗ੍ਰਿਫ਼ਤਾਰ ਪੰਜਾਬ ਪੁਲਸ ਮੁਤਾਬਕ ਸਾਰਾ ਦਿਨ ਚੱਲੀ ਕਾਰਵਾਈ ਦੌਰਾਨ ਪੁਲਸ ਟੀਮਾਂ ਨੇ ਪੰਜਾਬ ਸੂਬੇ ਭਰ ‘ਚ 426 ਡਰੱਗ ਹੌਟਸਪਾਟਾਂ ’ਤੇ ਛਾਪੇਮਾਰੀ ਕੀਤੀ ਹੈ, ਇਸ ਦੌਰਾਨ 200 ਐਫਆਈਆਰ ਦਰਜ ਕਰਕੇ 248 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਦੀਆਂ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ ਦੇ ਕਬਜ਼ੇ ‘ਚੋਂ 710 ਗ੍ਰਾਮ ਹੈਰੋਇਨ, 20 ਕਿਲੋ ਭੁੱਕੀ, 2655 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 14,150 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ । ਕੀ ਆਖਿਆ ਸਪੈਸ਼ਲ ਡੀ. ਜੀ. ਪੀ. ਅਤੇ ਕਾਨੂੰਨ ਵਿਵਸਥਾ ਨੇ ਪੰਜਾਬ ਪੁਲਸ ਮੁਤਾਬਕ ਸਪੈਸ਼ਲ ਡੀ. ਜੀ. ਪੀ. (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਜੋ ਇਸ ਮੁਹਿੰਮ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਸਨ ਨੇ ਕਿਹਾ ਕਿ 1 ਮਾਰਚ-2025 ਨੂੰ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਤੀਜੇ ਵਜੋਂ ਸੂਬੇ ਭਰ ‘ਚ 38,119 ਕੇਸ ਦਰਜ ਕੀਤੇ ਗਏ ਹਨ ਅਤੇ 54,190 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਨਸ਼ਾ ਤਸਕਰਾਂ ਦੇ ਕਬਜ਼ੇ ‘ਚੋਂ 2384 ਕਿਲੋਗ੍ਰਾਮ ਹੈਰੋਇਨ, 715 ਕਿਲੋਗ੍ਰਾਮ ਅਫੀਮ, 303 ਕੁਇੰਟਲ ਭੁੱਕੀ, 834 ਕਿਲੋਗ੍ਰਾਮ ਗਾਂਜਾ, 51.35 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ, 36 ਕਿਲੋਗ੍ਰਾਮ ਆਈ. ਸੀ. ਈ. ਅਤੇ 17 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਚਾਰ ਹਥਿਆਰ ਵੀ ਕੀਤੇ ਗਏ ਬਰਾਮਦ ਪੰਜਾਬ ਪੁਲਿਸ ਮੁਤਾਬਕ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 58ਵੇਂ ਦਿਨ ਪੁਲਸ ਟੀਮਾਂ ਨੇ 207 ਵਿਅਕਤੀਆਂ ਨੂੰ ਚਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ 15,458 ਹੋ ਗਈਆਂ । ਇਸ ਤੋਂ ਇਲਾਵਾ 80 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਹੈ, ਜਦੋਂ ਕਿ 101 ਵਿਅਕਤੀਆਂ ਨੂੰ ਤਸਦੀਕ ਉਪਰੰਤ ਛੱਡ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ ਛੇ ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ।
