ਪੰਜਾਬ ਵਿਜੀਲੈਂਸ ਨੇ ਜਮੀਨ ਘੁਟਾਲੇ ਵਿਚ ਸੰਦੋਆ ਨੂੰ ਕੀਤਾ ਤਲਬ ਮੋਹਾਲੀ, 8 ਮਈ 2026 : ਕਰੋੜਾਂ ਰੁਪਏ ਦੇ ਜੰਗਲਾਤ ਜਮੀਨ ਘੁਟਾਲੇ ਦੇ ਸਬੰਧ ਵਿਚ ਜਾਂਚ ਕਰ ਰਹੇ ਪੰਜਾਬ ਵਿਜੀਲੈਂਸ ਬਿਊਰੋ ਵਿਭਾਗ ਵਲੋਂ ਅਮਰਜੀਤ ਸਿੰਘ ਸੰਦੋਆ ਨੂੰ ਤਲਬ ਕੀਤਾ ਗਿਆ ਹੈ। ਕੌਣ ਹਨ ਇਹ ਅਮਰਜੀਤ ਸੰਦੋਆ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨੇ ਏਜੰਸੀ ਵੱਲੋਂ ਜਾਂਚ ਕੀਤੇ ਜਾ ਰਹੇ ਕਰੋੜਾਂ ਰੁਪਏ ਦੇ ਜੰਗਲਾਤ ਜ਼ਮੀਨ ਘੁਟਾਲੇ ਦੇ ਸਬੰਧ ਵਿੱਚ ਪੁੱਛਗਿੱਛ ਲਈ ਰੋਪੜ ਤੋਂ ਜੋ ਅਮਰਜੀਤ ਸਿੰਘ ਸੰਦੋਆ ਨੂੰ ਤਲਬ ਕੀਤਾ ਗਿਆ ਹੈ ਉਹ ‘ਆਪ’ ਦੇ ਸਾਬਕਾ ਵਿਧਾਇਕ ਹਨ । ਜਾਣਕਾਰੀ ਅਨੁਸਾਰ ਵੀਰਵਾਰ ਨੂੰ ਰੋਪੜ ਵਿਖੇ ਵਿਜੀਲੈਂਸ ਬਿਊਰੋ ਯੂਨਿਟ ਵੱਲੋਂ ਜਾਰੀ ਕੀਤੇ ਗਏ ਇੱਕ ਸਰਕਾਰੀ ਨੋਟਿਸ ਅਨੁਸਾਰ ਅਮਰਜੀਤ ਸਿੰਘ ਸੰਦੋਆ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਵਿਜੀਲੈਂਸ ਦਫ਼ਤਰ ਵਿਖੇ ਜਾਂਚ ਅਧਿਕਾਰੀ ਇੰਸਪੈਕਟਰ ਹਰਪ੍ਰੀਤ ਸਿੰਘ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ । ਨੋਟਿਸ ਵਿਚ ਕੀ ਕੀ ਦਰਸਾਇਆ ਗਿਆ ਹੈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ. ਐਨ. ਐਸ.) ਦੀ ਧਾਰਾ 35 (3) ਅਤੇ ਸੀ. ਆਰ. ਪੀ. ਸੀ. ਦੀ ਧਾਰਾ 41- ਤਹਿਤ ਜਾਰੀ ਕੀਤੇ ਗਏ ਇਸ ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਨੂਰਪੁਰ ਬੇਦੀ ਪੁਲਸ ਸਟੇਸ਼ਨ ਵਿੱਚ 28 ਜੂਨ, 2022 ਨੂੰ ਦਰਜ ਹੋਈ ਐਫ. ਆਈ. ਆਰ. (ਜਿਸ ਵਿੱਚ ਦੀਆਂ ਧਾਰਾਵਾਂ 420, 465, 467, 468, 471 ਅਤੇ 120- ਸਮੇਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7, 7-ਏ, 8 ਅਤੇ 13 ਸ਼ਾਮਲ ਹਨ) ਦੀ ਜਾਂਚ ਦੌਰਾਨ, ਸੰਦੋਆ ਕੋਲੋਂ ਕੇਸ ਨਾਲ ਸਬੰਧਤ ਤੱਥਾਂ ਅਤੇ ਹਾਲਾਤਾਂ ਬਾਰੇ ਪੁੱਛਗਿੱਛ ਕਰਨ ਲਈ "ਵਾਜਬ ਆਧਾਰ" ਸਾਹਮਣੇ ਆਏ ਹਨ । ਵਿਜੀਲੈਂਸ ਨੇ ਸਾਬਕਾ ਵਿਧਾਇਕ ਨੂੰ ਸਾਰੇ ਤੱਥ ਸੱਚਾਈ ਨਾਲ ਦੱਸਣ ਅਤੇ ਜਾਂਚ ਨਾਲ ਸਬੰਧਤ ਸਾਰੇ ਲੋੜੀਂਦੇ ਦਸਤਾਵੇਜ਼ ਅਤੇ ਸਮੱਗਰੀ ਪੇਸ਼ ਕਰਨ ਲਈ ਕਿਹਾ ਹੈ। ਦੂਜੇ ਪਾਸੇ ਸੰਦੋਆ ਨੇ ਕਿਹਾ ਕਿ ਉਨ੍ਹਾਂ ਨੂੰ ਜਾਰੀ ਕੀਤੇ ਗਏ ਸੰਮਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ।
