post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨੇ ਵਿਸ਼ਵ ਰੇਡੀਓ ਦਿਵਸ ਨੂੰ ਸਮਰਪਿਤ ਦੋ ਦਿਨਾ ਵਰਕਸ਼ਾਪ ਕਰਵਾਈ

post-img

ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨੇ ਵਿਸ਼ਵ ਰੇਡੀਓ ਦਿਵਸ ਨੂੰ ਸਮਰਪਿਤ ਦੋ ਦਿਨਾ ਵਰਕਸ਼ਾਪ ਕਰਵਾਈ ਪਟਿਆਲਾ, 11 ਫਰਵਰੀ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿਖੇ ਕਰਵਾਈ ਗਈ ਵਿਸ਼ਵ ਰੇਡੀਓ ਦਿਵਸ ਨੂੰ ਸਮਰਪਿਤ ਦੋ ਦਿਨਾ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋ ਗਈ ਹੈ । ਵਰਕਸ਼ਾਪ ਦੇ ਦੂਜੇ ਦਿਨ ਉੱਘੇ ਰੇਡੀਓ ਅਨਾਊਂਸਰ ਪ੍ਰੀਤ ਮਹਿੰਦਰ ਸਿੰਘ ਨੇ ਬਤੌਰ ਮਾਹਰ ਸ਼ਿਰਕਤ ਕੀਤੀ। ਲਗਭਗ 28 ਸਾਲ ਆਲ ਇੰਡੀਆ ਰੇਡੀਓ 'ਤੇ ਬਤੌਰ ਅਨਾਊਂਸਰ ਸੇਵਾਵਾਂ ਨਿਭਾ ਚੁੱਕੇ ਪ੍ਰੀਤ ਮਹਿੰਦਰ ਸਿੰਘ ਨੇ ਵਿਭਾਗ ਦੇ ਐੱਮ. ਏ. ਦੇ ਵਿਦਿਆਰਥੀਆਂ ਨਾਲ਼ ਰੇਡੀਓ ਲਈ ਪੰਜਾਬੀ ਭਾਸ਼ਾ ਦੇ ਸ਼ੁੱਧ ਉਚਾਰਣ ਅਤੇ ਵਿਆਰਕਣ ਬਾਰੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਜ਼ੋਰ ਦੇ ਕੇ ਦੱਸਿਆ ਕਿ ਕਿਸੇ ਵੀ ਸ਼ਬਦ ਵਿੱਚ ਮਹਿਜ਼ ਇੱਕ ਨੁਕਤਾ ਪੂਰੇ ਵਾਕ ਦਾ ਅਰਥ ਬਦਲ ਸਕਦਾ ਹੈ । ਉਨ੍ਹਾਂ ਕਿਹਾ ਕਿ ਰੇਡੀਓ 'ਤੇ ਇੱਕ ਚੰਗਾ ਪੇਸ਼ਕਰਤਾ ਬਣਨ ਲਈ ਸਾਹਿਤ ਪੜ੍ਹਨਾ ਬਹੁਤ ਜ਼ਰੂਰੀ ਹੈ। ਵਿਭਾਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਨੁਕਤਿਆਂ ਦੀ ਸਪਸ਼ਟਤਾ ਲਈ ਉਨ੍ਹਾਂ ਨੂੰ ਕੁਝ ਸਵਾਲ ਕਰਦਿਆਂ ਸੰਵਾਦ ਰਚਾਇਆ । ਇਸ ਮੌਕੇ ਵਿਭਾਗ ਮੁਖੀ ਡਾ. ਨੈਨਸੀ ਦਵਿੰਦਰ ਕੌਰ ਨੇ ਦੱਸਿਆ ਕਿ ਇਸ ਵਿਭਾਗ ਵਿੱਚ ਸਮੇਂ ਸਮੇਂ ਅਜਿਹੀਆਂ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ, ਇਸ ਲੜੀ ਤਹਿਤ ਬੀਤੀ 3 ਫਰਵਰੀ ਨੂੰ ਵੀ ਉੱਘੇ ਖੇਡ ਲਿਖਾਰੀ ਅਤੇ ਪੰਜਾਬ ਸਰਕਾਰ ਵਿੱਚ ਬਤੌਰ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਸ. ਨਵਦੀਪ ਸਿੰਘ ਗਿੱਲ ਵੀ ਵਿਦਿਆਰਥੀਆਂ ਦੇ ਰੂ- ਬ- ਰੂ ਹੋਏ ਸਨ । ਅੰਤ ਵਿੱਚ ਵਿਭਾਗ ਦੇ ਅਧਿਆਪਕ ਡਾ. ਹੈਪੀ ਜੇਜੀ ਨੇ ਧੰਨਵਾਦੀ ਭਾਸ਼ਣ ਦਿੱਤਾ । ਜ਼ਿਕਰਯੋਗ ਹੈ ਕਿ ਇਸ ਵਰਕਸ਼ਾਪ ਦੇ ਪਹਿਲੇ ਦਿਨ ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ ਤੋਂ ਸਹਾਇਕ ਪ੍ਰੋਫ਼ੈਸਰ ਅਤੇ ਆਲ ਇੰਡੀਆ ਰੇਡੀਓ ਦੇ ਕੈਜ਼ੂਅਲ ਅਨਾਊਂਸਰ ਸ. ਰਿਪੁਦਮਨ ਸਿੰਘ ਵਿਦਿਆਰਥੀਆਂ ਦੇ ਰੂੑਬੑਰੂ ਹੋਏ । ਉਨ੍ਹਾਂ ਨੇ 'ਆਰਟ ਆਫ ਸਟੋਰੀ ਟੈਲਿੰਗ ਇਨ ਰੇਡੀਓ' ਵਿਸ਼ੇ ਉੱਤੇ ਵਿਦਿਆਰਥੀਆਂ ਨੂੰ ਰੇਡੀਓ ਪ੍ਰੋਗਰਾਮ ਲਈ ਇੱਕ ਚੰਗੀ ਸਕ੍ਰਿਪਟ ਲਿਖਣ ਲਈ ਨੁਕਤੇ ਦੱਸੇ । ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇੱਕ ਚੰਗੀ ਰੇਡੀਓ ਸਕ੍ਰਿਪਟ ਲਿਖਣ ਲਈ ਪਹਿਲਾਂ ਆਪਣੇ ਦਰਸ਼ਕਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ।

Related Post