ਪੰਜਾਬੀ ਯੂਨੀਵਰਸਿਟੀ ਦੀ ਵਾਤਾਵਰਣ ਸੋਸਾਇਟੀ ਵੱਲੋਂ ਵੱਖ-ਵੱਖ ਥਾਵਾਂ `ਤੇ ਨੁੱਕੜ ਨਾਟਕ ਪੇਸ਼ਕਾਰੀਆਂ ਕਰਵਾਈਆਂ
- by Admin
- April 24, 2025
ਪੰਜਾਬੀ ਯੂਨੀਵਰਸਿਟੀ ਦੀ ਵਾਤਾਵਰਣ ਸੋਸਾਇਟੀ ਵੱਲੋਂ ਵੱਖ-ਵੱਖ ਥਾਵਾਂ `ਤੇ ਨੁੱਕੜ ਨਾਟਕ ਪੇਸ਼ਕਾਰੀਆਂ ਕਰਵਾਈਆਂ ਪਟਿਆਲਾ, 24 ਅਪ੍ਰੈਲ : ਪੰਜਾਬੀ ਯੂਨੀਵਰਸਿਟੀ ਦੀ ਵਾਤਾਵਰਣ ਸੋਸਾਇਟੀ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਨੁੱਕੜ ਨਾਟਕ ਪੇਸ਼ਕਾਰੀਆਂ ਕਰਵਾਈਆਂ ਜਾ ਰਹੀਆਂ ਹਨ। ਯੂਨੀਵਰਸਿਟੀ ਦੇ ਪ੍ਰਾਣੀ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਮੁਖੀ ਅਤੇ ਵਾਤਾਵਰਣ ਸੋਸਾਇਟੀ ਦੇ ਇੰਚਾਰਜ ਡਾ ਉਂਕਾਰ ਸਿੰਘ ਨੇ ਇਸ ਬਾਰੇ ਜਣਕਾਰੀ ਦਿੰਦਿਆਂ ਦੱਸਿਆ ਕਿ ਇਹ ਨੁੱਕੜ ਨਾਟਕ ਪੇਸ਼ਕਾਰੀਆਂ ਮਿਸ਼ਨ ਲਾਈਫ਼ ਦੇ ਸੱਤ ਵਿਸ਼ਿਆਂ ਉੱਤੇ ਕਰਵਾਈਆਂ ਗਈਆਂ। ਇਨ੍ਹਾਂ ਵਿਸ਼ਿਆਂ ਵਿੱਚ ਵਿੱਚ ਊਰਜਾ ਬੱਚਤ, ਪਾਣੀ ਬੱਚਤ, ਪਲਾਸਟਿਕ ਵਰਤੋਂ ਦੀ ਰੋਕਥਾਮ, ਈ-ਵੇਸਟ ਰੋਕਥਾਮ, ਟਿਕਾਊ ਭੋਜਨ ਪ੍ਰਣਾਲੀਆਂ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਸਿਹਤਮੰਦ ਜੀਵਨ ਸ਼ੈਲੀ ਆਦਿ ਸ਼ਾਮਿਲ ਸਨ ਜਿਨ੍ਹਾਂ ਬਾਰੇ ਕਾਲਜਾਂ, ਸਕੂਲਾਂ ਅਤੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਪਹਿਲੇ ਦਿਨ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇਹ ਪੇਸ਼ਕਾਰੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਸਰਕਾਰੀ ਹਾਈ ਸਕੂਲ, ਸਤੌਜ, ਸਕੂਲ ਆਫ਼ ਐਮੀਨੈਂਸ, ਛਾਜਲੀ ਅਤੇ ਸਰਕਾਰੀ ਰਣਬੀਰ ਕਾਲਜ, ਸੰਗਰੂਰ ਸਮੇਤ ਵੱਖ-ਵੱਖ ਥਾਵਾਂ ਸ਼ਾਮਿਲ ਸਨ। ਇਸੇ ਲੜੀ ਵਿੱਚ ਅਗਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਹਿਰਾਜ, ਡੀ. ਏ. ਵੀ. ਕਾਲਜ ਬਠਿੰਡਾ ਅਤੇ ਬਾਬਾ ਫ਼ਰੀਦ ਗਰੁੱਪ ਆਫ਼ ਕਲਜਿਜ਼, ਦਿਉਣ ਸਮੇਤ ਵੱਖ-ਵੱਖ ਥਾਵਾਂ ਉੱਤੇ ਪੇਸ਼ਕਾਰੀਆਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਹ ਨੁੱਕੜ ਨਾਟਕ ਤਲਵਿੰਦਰ ਸਿੰਘ ਭੁੱਲਰ ਦੀ ਟੀਮ ਤਾਲਗੁਰੂ ਆਰਟ ਐਂਡ ਕਲਚਰ ਵੈਲਫ਼ੈਅਰ ਸੋਸਾਇਟੀ ਵੱਲੋਂ ਖੇਡੇ ਗਏ। ਪੰਜਾਬੀ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਤੋਂ ਡਾ. ਜਤਿੰਦਰ ਸਿੰਘ ਔਲਖ ਵੱਲੋਂ ਇਨ੍ਹਾਂ ਪੇਸ਼ਕਾਰੀਆਂ ਦੌਰਾਨ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਈ।
