ਪੰਜਾਬੀ ਯੂਨੀਵਰਸਿਟੀ ਵਿਖੇ ਆਨਲਾਈਨ ਮੂਕਸ ਕੋਰਸਾਂ ਨਾਲ਼ ਸੰਬੰਧਤ ਰਿਫਰੈਸ਼ਰ ਕੋਰਸ ਸੰਪੰਨ
- by Admin
- December 17, 2024
ਪੰਜਾਬੀ ਯੂਨੀਵਰਸਿਟੀ ਵਿਖੇ ਆਨਲਾਈਨ ਮੂਕਸ ਕੋਰਸਾਂ ਨਾਲ਼ ਸੰਬੰਧਤ ਰਿਫਰੈਸ਼ਰ ਕੋਰਸ ਸੰਪੰਨ ਪਟਿਆਲਾ, 17 ਦਸੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵੱਲੋਂ ਅਧਿਆਪਕਾਂ ਦੀ ਸਮਰਥਾ ਦੇ ਨਿਰਮਾਣ ਸੰਬੰਧੀ ਮਕਸਦ ਨਾਲ਼ ਕਰਵਾਇਆ ਗਿਆ ਆਨਲਾਈਨ ਮੂਕਸ ਕੋਰਸਾਂ ਨਾਲ਼ ਸੰਬੰਧਤ ਰਿਫ਼ਰੈਸ਼ਰ ਕੋਰਸ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਇਹ ਕੋਰਸ ਆਫਲਾਈਨ ਵਿਧੀ ਰਾਹੀਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੋਰਸ ਦੇ ਸੰਪੰਨ ਹੋਣ ਮੌਕੇ ਰੱਖੇ ਗਏ ਵਿਦਾਇਗੀ ਸੈਸ਼ਨ ਵਿੱਚ ਯੂਨੀਵਰਸਿਟੀ ਦੇ ਯੋਜਨਾ ਅਤੇ ਨਿਰੀਖਣ ਮਾਮਲਿਆਂ ਬਾਰੇ ਡਾਇਰੈਟਰ ਡਾ. ਜਸਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਅਤੇ ਕੰਪਿਊਟਰ ਵਿਗਿਆਨ ਅਤੇ ਇੰਜਨੀਅਰਿੰਗ ਤੋਂ ਪ੍ਰੋ. ਹਿਮਾਂਸ਼ੂ ਅੱਗਰਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿæਰਕਤ ਕੀਤੀ । ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਆਨਲਾਈਨ ਮੂਕਸ ਕੋਰਸ ਅੱਜ ਦੇ ਦੌਰ ਵਿੱਚ ਬੇਹੱਦ ਅਹਿਮੀਅਤ ਹਾਸਿਲ ਕਰ ਚੁੱਕੇ ਹਨ। ਦੂਰ-ਦੁਰਾਡੇ ਦੇ ਖੇਤਰਾਂ ਤੱਕ ਸਿੱਖਿਆ ਦੀ ਪਹੁੰਚ ਲਈ ਆਨਲਾਈਨ ਮਾਧਿਅਮ ਬਹੁਤ ਮਹੱਤਵ ਗ੍ਰਹਿਣ ਕਰ ਗਿਆ ਹੈ। ਬਹੁਤ ਸਾਰੇ ਖੇਤਰਾਂ ਦੇ ਵਿਦਿਆਰਥੀ, ਜਿਨ੍ਹਾਂ ਲਈ ਵੱਖ-ਵੱਖ ਵਿਸ਼ਿਆਂ ਦੇ ਗਿਆਨ ਦੀ ਪ੍ਰਾਪਤੀ ਲਈ ਜਮਾਤ ਕਮਰਿਆਂ ਤੱਕ ਪਹੁੰਚਣਾ ਸੰਭਵ ਨਹੀਂ ਹੁੰਦਾ, ਉਹ ਇਨ੍ਹਾਂ ਕੋਰਸਾਂ ਰਾਹੀਂ ਆਪਣੀ ਸਿੱਖਿਆ ਹਾਸਿਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਇਨ੍ਹਾਂ ਕੋਰਸਾਂ ਦੇ ਨਿਰਮਾਣ ਬਾਰੇ ਅਧਿਆਪਕਾਂ ਨੂੰ ਜਾਗਰੂਕ ਅਤੇ ਸਿੱਖਿਅਤ ਕਰਨ ਲਈ ਅਜਿਹੇ ਰਿਫ਼ਰੈਸ਼ਰ ਕੋਰਸ ਲਗਾਉਣਾ ਬਹੁਤ ਜ਼ਰੂਰੀ ਹੈ । ਪ੍ਰੋ. ਹਿਮਾਂਸ਼ੂ ਅੱਗਰਵਾਲ ਨੇ ਇਸ ਮੌਕੇ ਬੋਲਦਿਆਂ ਰਿਫ਼ਰੈਸ਼ਰ ਕੋਰਸਾਂ ਦੀ ਮਹੱਤਤਾ ਸੰਬੰਧੀ ਵੱਖ-ਵੱਖ ਪੱਖਾਂ ਨੂੰ ਉਜਾਗਰ ਕੀਤਾ । ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਜ਼ਰੀਏ ਭਾਰਤ ਭਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਫ਼ੈਕਲਟੀ ਮੈਂਬਰ ਇਕੱਠੇ ਇੱਕ ਮੰਚ ਉੱਤੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਇੱਕ ਦੂਜੇ ਤੋਂ ਸਿੱਖਣ ਦਾ ਸ਼ਾਨਦਾਰ ਮੌਕਾ ਮਿਲਦਾ ਹੈ । ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ਼ ਜਿੱਥੇ ਅਧਿਆਪਕਾਂ ਵਿੱਚ ਆਪਣੇ ਕੌਸ਼ਲ ਪ੍ਰਤੀ ਸਮਰਥਾ ਵਿੱਚ ਵਾਧਾ ਹੁੰਦਾ ਹੈ ਉੱਥੇ ਹੀ ਵੱਖ-ਵੱਖ ਖਿੱਤਿਆਂ ਦੇ ਅਧਿਆਪਕਾਂ ਦੀ ਆਪਸ ਵਿੱਚ ਸਾਂਝੇਦਾਰੀ ਕਾਇਮ ਹੁੰਦੀ ਹੈ । ਮੂਕਸ ਆਨਲਾਈਨ ਕੋਰਸਾਂ ਨਾਲ਼ ਸੰਬੰਧਤ ਰਿਫ਼ਰੈਸ਼ਰ ਕੋਰਸ ਦੇ ਕੋਆਰਡੀਨੇਟਰ ਦਲਜੀਤ ਅਮੀ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਅਜਿਹੇ ਮੂਕਸ ਕੋਰਸਾਂ ਦਾ ਨਿਰਮਾਣ ਹੁੰਦਾ ਹੈ । ਉਨ੍ਹਾਂ ਇੱਥੇ ਹਾਜ਼ਰ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਈ.ਐੱਮ. ਆਰ. ਸੀ. ਨਾਲ਼ ਜੁੜ ਕੇ ਆਪਣੇ ਵਿਸ਼ੇ ਨਾਲ਼ ਸੰਬੰਧਤ ਮੂਕਸ ਦੇ ਨਿਰਮਾਣ ਕਰਨ ਹਿਤ ਅੱਗੇ ਆਉਣ । ਉਨ੍ਹਾਂ ਕਿਹਾ ਕਿ ਈ. ਐੱਮ. ਆਰ. ਸੀ. ਇਸ ਪੱਖੋਂ ਹਰ ਸੰਭਵ ਮਦਦ ਲਈ ਤਿਆਰ ਹੈ । ਅੰਤ ਵਿੱਚ ਪ੍ਰੋ. ਰਮਨ ਮੈਣੀ ਵੱਲੋਂ ਧੰਨਵਾਦੀ ਭਾਸ਼ਣ ਦੌਰਾਨ ਕੇਂਦਰ ਦੇ ਮਿਹਨਤੀ ਅਮਲੇ ਮਨਦੀਪ ਸਿੰਘ, ਦਿਆਲ ਦੱਤ, ਸੁਰਿੰਦਰ ਸਿੰਘ, ਕਾਂਤਾ ਰਾਣੀ, ਮਹਾਵੀਰ ਸਿੰਘ, ਸੁਰਿੰਦਰ ਕੁਮਾਰ ਆਦਿ ਦਾ ਇਸ ਕੋਰਸ ਦੇ ਆਯੋਜਨ ਵਿੱਚ ਯੋਗਦਾਨ ਦੇਣ ਲਈ ਵਿਸ਼ੇਸ਼ ਜ਼ਿਕਰ ਕੀਤਾ ਗਿਆ ।
