ਆਮ ਆਦਮੀ ਪਾਰਟੀ ਦੇ ਵਿਰਾਸਤ ਸੇਵਾ ਸੰਗਠਨ ਦੇ ਨੁਮਾਇੰਦਿਆਂ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ
- by Jasbeer Singh
- February 3, 2026
ਆਮ ਆਦਮੀ ਪਾਰਟੀ ਦੇ ਵਿਰਾਸਤ ਸੇਵਾ ਸੰਗਠਨ ਦੇ ਨੁਮਾਇੰਦਿਆਂ ਵੱਲੋਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਵਿਰਾਸਤ ਸੇਵਾ ਸੰਗਠਨ ਨੂੰ ਦਰਪੇਸ਼ ਸਮੱਸਿਆਵਾਂ ਤੋਂ ਕਰਵਾਇਆ ਅਵਗਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੰਮ੍ਰਿਤਸਰ ਯਾਤਰਾ ਪ੍ਰੋਗਰਾਮ ’ਤੇ ਕੀਤੀ ਵਿਸਥਾਰਪੂਰਵਕ ਚਰਚਾ ਮਾਲੇਰਕੋਟਲਾ, 03 ਫਰਵਰੀ 2026 : ਆਮ ਆਦਮੀ ਪਾਰਟੀ ਦੇ ਵਿਰਾਸਤ ਸੇਵਾ ਸੰਗਠਨ ਦੇ ਨੁਮਾਇੰਦਿਆਂ ਨੇ ਅੱਜ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਸ ਐਸ.ਤਿੜਕੇ ਨਾਲ ਵਿਸ਼ੇਸ ਮੁਲਾਕਾਤ ਕੀਤੀ। ਇਸ ਮੌਕੇ ਸੰਗਠਨ ਨੂੰ ਦਰਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਵਿਸਥਾਰ ਨਾਲ ਅਵਗਤ ਕਰਵਾਇਆ ਗਿਆ ।ਮੁਲਾਕਾਤ ਦੌਰਾਨ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੰਮ੍ਰਿਤਸਰ ਲਈ ਪ੍ਰਸਤਾਵਿਤ ਤਿੰਨ ਰੋਜ਼ਾ ਅੰਤਰਿਮ ਯਾਤਰਾ ਪ੍ਰੋਗਰਾਮ ਸਬੰਧੀ ਸੰਖੇਪ ਪਰੰਤੂ ਵਿਸਥਾਰਪੂਰਵਕ ਚਰਚਾ ਕੀਤੀ ਗਈ। ਨੁਮਾਇੰਦਿਆਂ ਵੱਲੋਂ ਦੱਸਿਆ ਗਿਆ ਕਿ ਯਾਤਰਾ ਦੇ ਪਹਿਲੇ ਦਿਨ ਸ਼ਰਧਾਲੂਆਂ ਵੱਲੋਂ ਦੁਰਗਿਆਣਾ ਮੰਦਿਰ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਦੂਜੇ ਦਿਨ ਪਾਰਟੀਸ਼ਨ ਮਿਊਜ਼ੀਅਮ, ਜਲਿਆਂਵਾਲਾ ਬਾਗ਼, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ, ਲੰਗਰ ਸੇਵਾ ਅਤੇ ਵਾਗ੍ਹਾ ਬਾਰਡਰ ਵਿਖੇ ਬੀਟਿੰਗ ਰਿਟਰੀਟ ਦੇ ਦਰਸ਼ਨ ਕਰਵਾਏ ਜਾਣਗੇ। ਤੀਜੇ ਦਿਨ ਵਾਪਸੀ ਦੌਰਾਨ ਭਗਵਾਨ ਵਾਲਮੀਕੀ ਤੀਰਥ ਅਸਥਾਨ ਦੇ ਦਰਸ਼ਨ ਕਰਵਾਉਣ ਦਾ ਪ੍ਰਸਤਾਵ ਹੈ । ਨੁਮਾਇੰਦਿਆਂ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਹੋਟਲ ਵਿੱਚ ਰਹਿਣ, ਲੰਚ, ਹਾਈ-ਟੀ ਅਤੇ ਬਫੇ ਸਵੇਰੇ ਅਤੇ ਰਾਤ ਦੇ ਭੋਜਨ ਸਮੇਤ ਸਾਰੇ ਪ੍ਰਬੰਧ ਸਰਕਾਰ ਵੱਲੋਂ ਮੁਫ਼ਤ ਕਰਵਾਏ ਜਾਂਦੇ ਹਨ। ਇਸ ਸਕੀਮ ਦਾ ਮੁੱਖ ਉਦੇਸ਼ ਸੀਨੀਅਰ ਸਿਟੀਜ਼ਨ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਧਾਰਮਿਕ ਅਤੇ ਇਤਿਹਾਸਕ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਉਣਾ ਹੈ, ਤਾਂ ਜੋ ਉਹ ਬਿਨਾਂ ਕਿਸੇ ਵਿੱਤੀ ਬੋਝ ਦੇ ਆਪਣੀ ਆਸਥਾ ਨੂੰ ਨਿਭਾ ਸਕਣ। ਡਿਪਟੀ ਕਮਿਸ਼ਨਰ ਨੇ ਨੁਮਾਇੰਦਿਆਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਭਰੋਸਾ ਦਿਵਾਇਆ ਕਿ ਸਰਕਾਰ ਦੀਆਂ ਲੋਕ-ਹਿਤੈਸ਼ੀ ਸਕੀਮਾਂ ਦਾ ਲਾਭ ਹਰੇਕ ਯੋਗ ਨਾਗਰਿਕ ਤੱਕ ਪਹੁੰਚਾਉਣਾ ਪ੍ਰਸ਼ਾਸਨ ਦੀ ਪਹਿਲ ਹੈ ਅਤੇ ਸੰਗਠਨ ਵੱਲੋਂ ਰੱਖੀਆਂ ਸਮੱਸਿਆਵਾਂ ’ਤੇ ਯੋਗ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਕੇਵਲ ਸਿੰਘ ਜਾਗੋਵਾਲ (ਸੂਬਾ ਸਕੱਤਰ, ਮਾਲਵਾ ਈਸਟ) ਵਿਰਾਸਤ ਸੇਵਾ ਸੰਗਠਨ, ਜ਼ਿਲ੍ਹਾ ਕੋਆਰਡੀਨੇਟਰ ਤਰਸੇਮ ਸਿੰਘ ਸੰਘਾਲਾ, ਹਲਕਾ ਕੋਆਰਡੀਨੇਟਰ ਜਾਫ਼ਰ ਅਲੀ, ਹਲਕਾ ਅਮਰਗੜ੍ਹ ਕੋਆਰਡੀਨੇਟਰ ਚਮਕੌਰ ਸਿੰਘ ਅਤੇ ਹਲਕਾ ਮਾਲੇਰਕੋਟਲਾ ਤੋਂ ਮੋਨਿਕਾ, ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਸੰਗਾਲਾਂ, ਰਮਨਦੀਪ ਕੌਰ, ਮਿੱਠੂ ਸਿੰਘ ਸਰੌਦ ਵੀ ਹਾਜ਼ਰ ਰਹੇ ।
