
ਕੈਂਸਰ ਦੇ ਇਲਾਜ ਵਿੱਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਅਤੇ ਦੁਰਪ੍ਰਭਾਵ ਘਟਾਉਣ ਬਾਰੇ ਪੰਜਾਬੀ ਯੂਨੀਵਰਸਿਟੀ ਵਿਖੇ
- by Jasbeer Singh
- June 16, 2025

ਕੈਂਸਰ ਦੇ ਇਲਾਜ ਵਿੱਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਅਤੇ ਦੁਰਪ੍ਰਭਾਵ ਘਟਾਉਣ ਬਾਰੇ ਪੰਜਾਬੀ ਯੂਨੀਵਰਸਿਟੀ ਵਿਖੇ ਕੀਤੀ ਖੋਜ -ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨ ਰਸਾਲਿਆਂ ਵਿੱਚ ਖੋਜ ਨਤੀਜੇ ਵਿੱਚ ਹੋ ਚੁੱਕੇ ਹਨ ਪ੍ਰਕਾਸਿ਼ਤ ਸੰਸਾਰ ਪੱਧਰ ਉੱਤੇ 130 ਤੋਂ ਵਧੇਰੇ ਵਿਗਿਆਨੀਆਂ ਨੇ ਆਪਣੇ ਖੋਜ ਕਾਰਜਾਂ ਵਿੱਚ ਦਿੱਤਾ ਇਸ ਖੋਜ ਦਾ ਹਵਾਲਾ -ਖੋਜਾਰਥੀ ਡਾ. ਬੱਡੀਪੈਡੀਗੇ ਰਾਜੂ ਮੌਜੂਦਾ ਸਮੇਂ ਭਾਰਤ ਦੀ ਵੱਕਾਰੀ ਸੰਸਥਾ ਇੰਸਟੀਚੂਟ ਆਫ਼ ਲਾਈਫ਼ ਸਾਇੰਸਜ਼, ਭੁਬਨੇਸ਼ਵਰ ਵਿਖੇ ਪ੍ਰੋਜੈਕਟ ਵਿਗਿਆਨੀ-2 ਵਜੋਂ ਕਾਰਜਸ਼ੀਲ ਅਜਿਹੀਆਂ ਵੱਕਾਰੀ ਖੋਜਾਂ ਯੂਨੀਵਰਸਿਟੀ ਵਿਖੇ ਹੋ ਰਹੇ ਖੋਜ ਕਾਰਜਾਂ ਦੀ ਗੁਣਵੱਤਾ ਅਤੇ ਮਾਨਵਤਾ ਭਲਾਈ ਸਬੰਧੀ ਅਦਾਰਿਆਂ ਦੀ ਪ੍ਰਤਿਬੱਧਤਾ ਦਾ ਹਨ ਠੋਸ ਸਬੂਤ: ਡਾ. ਜਗਦੀਪ ਸਿੰਘ ਪਟਿਆਲਾ, 16 ਜੂਨ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਇੱਕ ਖੋਜ ਰਾਹੀਂ ਕੈਂਸਰ ਦੇ ਇਲਾਜ ਵਿੱਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਅਤੇ ਇਸ ਦੇ ਦੁਰਪ੍ਰਭਾਵਾਂ ਨੂੰ ਘਟਾਉਣ ਦੇ ਹੱਲ ਲੱਭੇ ਗਏ ਹਨ। ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਡਰੱਗ ਰਿਸਰਚ ਵਿਭਾਗ ਤੋਂ ਪ੍ਰੋ. ਓਮ ਸਿਲਾਕਾਰੀ ਦੀ ਨਿਗਰਾਨੀ ਹੇਠ ਆਈ. ਸੀ. ਐੱਮ.ਆਰ. ਦੇ ਸੀਨੀਅਰ ਰਿਸਰਚ ਫੈਲੋ ਅਤੇ ਪੀ-ਐੱਚ.ਡੀ. ਖੋਜਾਰਥੀ ਡਾ.ਬੱਡੀਪੈਡੀਗੇ ਰਾਜੂ ਨੇ ਇੱਕ ਡਰੱਗ-ਮੈਟਾਬੋਲਾਈਜਿ਼ੰਘ ਐਨਜ਼ਾਈਮਜ਼ (ਡੀ.ਐੱਮ.ਈ.) ਨਾਲ਼ ਜੁੜੇ ਕੀਮੋ-ਰੋਧ ਨੂੰ ਸਮਝਣ ਅਤੇ ਇਸ ਦੇ ਹੱਲ ਉੱਤੇ ਮਹੱਤਵਪੂਰਨ ਖੋਜ ਕੀਤੀ ਹੈ। ਇਸ ਖੋਜ ਦੇ ਨਤੀਜੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨ ਰਸਾਲਿਆਂ, ਜਿਵੇਂ ਏ.ਸੀ.ਐੱਸ. ਓਮੇਗਾ, ਆਰ.ਸੀ.ਐੱਸ. ਨਿਊ ਜਰਨਲ ਆਫ਼ ਕਮਿਸਟਰੀ, ਆਰ.ਸੀ.ਐੱਸ. ਅਡਵਾਂਸਡ ਆਦਿ ਵਿੱਚ ਪ੍ਰਕਾਸਿ਼ਤ ਹੋ ਚੁੱਕੇ ਹਨ ਅਤੇ ਸੰਸਾਰ ਪੱਧਰ ਉੱਤੇ 130 ਤੋਂ ਵਧੇਰੇ ਵਿਗਿਆਨੀਆਂ ਨੇ ਆਪਣੇ ਖੋਜ ਕਾਰਜਾਂ ਵਿੱਚ ਇਸ ਖੋਜ ਦਾ ਹਵਾਲਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡਾ. ਰਾਜੂ ਇਸ ਸਮੇਂ ਭਾਰਤ ਦੀ ਵੱਕਾਰੀ ਸੰਸਥਾ ਇੰਸਟੀਚੂਟ ਆਫ਼ ਲਾਈਫ਼ ਸਾਇੰਸਜ਼, ਭੁਬਨੇਸ਼ਵਰ ਵਿਖੇ ਪ੍ਰੋਜੈਕਟ ਵਿਗਿਆਨੀ-2 ਵਜੋਂ ਕਾਰਜਸ਼ੀਲ ਹਨ। ਡਾ. ਰਾਜੂ ਨੇ ਦੱਸਿਆ ਕਿ ਉਸ ਨੇ ਪੀ. 450 1.ਬੀ.1. (ਸੀ. ਵਾਈ. ਪੀ.1 ਬੀ.1) ਨਾਮਕ ਐਨਜ਼ਾਈਮ ਦੀ ਫਿ਼ਤਰਤ ਨੂੰ ਸਮਝਦਿਆਂ ਇਸ ਨਾਲ਼ ਜੁੜੀ ਸਮੱਸਿਆ ਦੇ ਹੱਲ ਲੱਭਣ ਉੱਤੇ ਕੰਮ ਕੀਤਾ। ਉਸ ਨੇ ਦੱਸਿਆ ਕਿ ਇਹ ਐਨਜ਼ਾਈਮ ਕੀਮੋ-ਥੈਰੇਪੀ ਦੀ ਪ੍ਰਕਿਰਿਆ ਵਿੱਚ ਵਰਤੀਆਂ ਜਾਂਦੀਆਂ ਡਰੱਗਜ਼ ਡੌਸੀਟੈਕਸਲ ਅਤੇ ਪੈਸਲੀਟੈਕਸਲ, ਜੋ ਕਿ ਆਮ ਤੌਰ ਉੱਤੇ ਛਾਤੀ, ਫੇਫੜਿਆਂ ਅਤੇ ਬੱਚੇਦਾਨੀ ਦੇ ਕੈਂਸਰ ਵਿੱਚ ਕੀਮੋ-ਥੈਰੇਪੀ ਲਈ ਵਰਤੀਆਂ ਜਾਂਦੀਆਂ ਹਨ, ਦੇ ਪ੍ਰਭਾਵ ਨੂੰ ਘੱਟ ਕਰ ਦਿੰਦਾ ਹੈ। ਇਸ ਕਾਰਨ ਕੀਮੋਥੈਰੇਪੀ ਜਿ਼ਆਦਾ ਅਸਰਦਾਰ ਸਾਬਿਤ ਨਹੀਂ ਹੁੰਦੀ। ਇਸ ਸਥਿਤੀ ਦੇ ਹੱਲ ਲਈ ਇਸ ਐਨਜ਼ਾਈਮ ਦੇ ਪ੍ਰਭਾਵ ਨੂੰ ਘੱਟ ਕਰਨ ਵਾਸਤੇ ਇਨਹਿਬਟਰਜ਼ ਖੋਜੇ ਜਾਣ ਦੀ ਜ਼ਰੂਰਤ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੀ ਖੋਜ ਰਾਹੀਂ ਮਸ਼ੀਨ ਲਰਨਿੰਗ, ਮੌਲੀਕਿਊਲਰ ਡੌਕਿੰਗ, ਮੌਲੀਕਿਊਲਰ ਡਾਇਨਾਮਿਕਸ ਸਿਮੂਲੇਸ਼ਨਜ਼, 3-ਡੀ-ਕਿਊ.ਐੱਸ.ਏ.ਆਰ. ਮਾਡਲਿੰਗ, ਫ਼ਰੀ ਐਨਰਜੀ ਪਰਟੂਬੇਸ਼ਨ ਅਧਿਐਨ ਦੇ ਜ਼ਰੀਏ ਹੱਲ ਤੱਕ ਪਹੁੰਚਿਆ ਗਿਆ। ਉਨ੍ਹਾਂ ਆਪਣੇ ਪ੍ਰਯੋਗਾਂ ਰਾਹੀਂ ਲੱਭਿਆ ਕਿ ਕਲੋਰਪਰੋਥਿਕਸੀਨ, ਨੈਡੀਫਲੌਕਸੈਸਿਨ ਅਤੇ ਟਾਈਸੈਗਰੀਲਰ ਨਾਮਕ ਦਵਾਈਆਂ ਇਸ ਐਨਜ਼ਾਇਮ ਦੇ ਖਿ਼ਲਾਫ਼ ਅਸਰਦਾਰ ਸਾਬਿਤ ਹੁੰਦੀਆਂ ਹਨ ਜਿਸ ਦੇ ਸਿੱਟੇ ਵਜੋਂ ਕੀਮੋਥੈਰੇਪੀ ਦੇ ਸਾਕਾਰਾਤਮਕ ਪ੍ਰਭਾਵ ਵਧ ਜਾਂਦੇ ਹਨ। ਪ੍ਰੋ. ਓਮ ਸਿਲਾਕਾਰੀ ਨੇ ਦੱਸਿਆ ਕਿ ਕੀਮੋ ਥੈਰੇਪੀ ਦੇ ਅਸਰ ਨੂੰ ਘਟਾਉਣ ਵਾਲ਼ਾ ਕੀਮੋ-ਰੋਧ ਵਿਸ਼ਵ ਪੱਧਰ ਉੱਤੇ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਕੈਂਸਰ ਸੈੱਲਾਂ ਨੂੰ ਖਤਮ ਕਰਨ ਲਈ ਪ੍ਰਭਾਵਸ਼ਾਲੀ ਦਵਾਈਆਂ ਦੀ ਉਪਲਬਧਤਾ ਕਾਫ਼ੀ ਨਹੀਂ ਹੁੰਦੀ ਅਤੇ ਸਿੱਟੇ ਵਜੋਂ ਕੈਂਸਰ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਐਨਜ਼ਾਈਮ ਅਕਸਰ ਹੀ ਕੈਂਸਰ-ਰੋਧਕ ਦਵਾਈਆਂ ਨੂੰ ਅਕਿਰਿਆਸ਼ੀਲ ਕਰ ਦਿੰਦੇ ਹਨ, ਉਨ੍ਹਾਂ ਦੇ ਪ੍ਰਭਾਵ ਨੂੰ ਘਟਾ ਦਿੰਦੇ ਹਨ ਅਤੇ ਡਰੱਗ ਪ੍ਰਤੀਰੋਧ ਵਾਲ਼ੀ ਸਥਿਤੀ ਵੱਲ ਲੈ ਜਾਂਦੇ ਹਨ ਜਿੱਥੇ ਦਵਾਈ ਆਪਣਾ ਕੰਮ ਨਹੀਂ ਕਰਦੀ।ਇਸ ਸਥਿਤੀ ਦੇ ਹੱਲ ਲਈ ਇਨ੍ਹਾਂ ਡਰੱਗਜ਼ ਨੂੰ ਅਜਿਹੇ ਇਨਹਿਬਟਰਜ਼ ਦੇ ਸੁਮੇਲ ਨਾਲ਼ ਵਰਤਣਾ ਕਾਰਗਰ ਸਾਬਿਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਚੁਣੌਤੀ ਨੂੰ ਹੱਲ ਕਰਨ ਦੀ ਤੁਰੰਤ ਲੋੜ ਨੂੰ ਪਛਾਣਦੇ ਹੋਏ, ਡਾ. ਰਾਜੂ ਦੀ ਖੋਜ ਕੈਂਸਰ-ਰੋਧਕ ਡਰੱਗ ਇਨਐਕਟੀਵੇਸ਼ਨ ਅਤੇ ਪ੍ਰਤੀਰੋਧ ਵਿੱਚ ਸ਼ਾਮਲ ਸੀ. ਵਾਈ. ਪੀ.1 ਬੀ.1 ਨੂੰ ਨਿਸ਼ਾਨਾ ਬਣਾਉਂਦੇ ਹੋਏ ਨਵੇਂ ਹੱਲ ਲੱਭਣ 'ਤੇ ਕੇਂਦ੍ਰਿਤ ਸੀ। ਉਨ੍ਹਾਂ ਦੱਸਿਆ ਕਿ ਹਾਲਾਂਕਿ ਕਈ ਕੈਂਸਰ-ਰੋਕੂ ਦਵਾਈਆਂ ਅਜਿਹੇ ਪ੍ਰਤੀਰੋਧ ਦਾ ਸਾਹਮਣਾ ਕਰਦੀਆਂ ਹਨ, ਪਰ ਉਨ੍ਹਾਂ ਆਪਣੇ ਇਸ ਅਧਿਐਨ ਲਈ ਖਾਸ ਤੌਰ 'ਤੇ ਡੌਸੀਟੈਕਸਲ ਅਤੇ ਪੈਸਲੀਟੈਕਸਲ ਨਾਮਕ ਦਵਾਈਆਂ ਦੀ ਚੋਣ ਕੀਤੀ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇਨ੍ਹਾਂ ਦਵਾਈਆਂ ਦੀ ਅਕਿਰਿਆਸ਼ੀਲਤਾ ਅਤੇ ਪ੍ਰਤੀਰੋਧ ਲਈ ਜਿ਼ੰਮੇਵਾਰ ਐਨਜ਼ਾਈਮ ਦੀ ਪਛਾਣ ਕਰਨ ਲਈ ਨੈੱਟਵਰਕ ਫਾਰਮਾਕੋਲੋਜੀ ਅਧਿਐਨ ਕੀਤੇ ਗਏ।ਇਸ ਸਬੰਧੀ ਬਹੁਤ ਸਾਰੇ ਅੰਕੜੇ ਜੁਟਾ ਕੇ ਉਨ੍ਹਾਂ ਦਾ ਔਨਲਾਈਨ ਟੂਲਜ਼ ਨਾਲ਼ ਵਿਸ਼ਲੇਸ਼ਣ ਕੀਤਾ ਗਿਆ।ਅਧਿਐਨ ਦੌਰਾਨ ਇਨਿਹਿਬਟਰਜ਼ ਵਜੋਂ ਕੰਮ ਕਰ ਸਕਣ ਵਾਲੀਆਂ ਦਵਾਈਆਂ ਕਲੋਰਪਰੋਥਿਕਸੀਨ, ਨੈਡੀਫਲੌਕਸੈਸਿਨ ਅਤੇ ਟਾਈਸੈਗਰੀਲਰ ਦੀ ਪਛਾਣ ਕੀਤੀ ਗਈ। ਇਨਿਹਿਬਟਰਜ਼ ਵਜੋਂ ਇਹ ਦਵਾਈਆਂ ਨੂੰ ਕੀਮੋ-ਥੈਰੇਪੀ ਦੇ ਨਾਲ ਸਹਿ-ਇਲਾਜ ਵਜੋਂ ਦੇਣ ਨਾਲ਼ ਦਵਾਈ ਪ੍ਰਤੀ ਕੈਂਸਰ ਸੈੱਲਾਂ ਦੀ ਸੰਵੇਦਨਸ਼ੀਲਤਾ ਕਾਫ਼ੀ ਵਧ ਜਾਂਦੀ ਹੈ ਜਿਸ ਨਾਲ਼ ਬਿਹਤਰ ਨਤੀਜੇ ਵੇਖੇ ਗਏ। ਉਨ੍ਹਾਂ ਦੱਸਿਆ ਕਿ ਲੱਭੇ ਗਏ ਇਨਿਹਿਬਟਰਜ਼ ਦੀ ਵਰਤੋਂ ਕਰਨ ਦਾ ਇੱਕ ਮਹੱਤਵਪੂਰਨ ਫਾਇਦਾ ਇਹ ਹੈ ਕਿ ਇਹ ਪਹਿਲਾਂ ਹੀ ਕਲੀਨਿਕਲ ਤੌਰ 'ਤੇ ਪ੍ਰਵਾਨਿਤ ਦਵਾਈਆਂ ਹਨ ਅਤੇ ਸੁਰੱਖਿਆ ਦੇ ਮਾਮਲੇ ਵਿੱਚ ਕੋਈ ਜੋਖ਼ਮ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਇਸ ਦਿਸ਼ਾ ਵਿੱਚ ਮੁੱਢਲੀ ਖੋਜ ਹੈ। ਇਸ ਦੇ ਅੱਗੇ ਵੱਡੇ ਪੱਧਰ ਉੱਤੇ ਮਨੁੱਖਾਂ ਜਾਂ ਜਾਨਵਰਾਂ ਉੱਤੇ ਪ੍ਰੀਖਿਣ ਕਰਨ ਉਪਰੰਤ ਸਮੁੱਚੀ ਮਾਨਵਤਾ ਲਈ ਇਸ ਦੇ ਵੱਡੇ ਲਾਭ ਲਏ ਜਾ ਸਕਦੇ ਹਨ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਉਸ ਦੇ ਨਿਗਰਾਨ ਨੂੰ ਇਸ ਮਿਆਰੀ ਖੋਜ ਬਾਰੇ ਵਿਸ਼ੇਸ਼ ਤੌਰ `ਤੇ ਵਧਾਈ ਦਿੰਦਿਆਂ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਵੱਕਾਰੀ ਖੋਜਾਂ ਯੂਨੀਵਰਸਿਟੀ ਵਿਖੇ ਹੋ ਰਹੇ ਖੋਜ ਕਾਰਜਾਂ ਦੀ ਗੁਣਵੱਤਾ ਅਤੇ ਮਾਨਵਤਾ ਭਲਾਈ ਸਬੰਧੀ ਅਦਾਰਿਆਂ ਦੀ ਪ੍ਰਤਿਬੱਧਤਾ ਸਬੰਧੀ ਠੋਸ ਸਬੂਤ ਬਣ ਕੇ ਉੱਭਰਦੀਆਂ ਹਨ ਜਿਸ ਨਾਲ਼ ਸਾਡੀ ਯੂਨੀਵਰਸਿਟੀ ਦਾ ਨਾਮ ਸੰਸਾਰ ਪੱਧਰ ਉੱਤੇ ਚਮਕਦਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.