ਗੰਨ ਪੁਆਇੰਟ `ਤੇ ਮਹਿਲਾ ਡਾਕਟਰ ਕੋਲੋਂ ਲੁਟੇਰਿਆਂ ਨੇ ਲੁੱਟੇ ਗਹਿਣੇ
ਨਕੋਦਰ, 11 ਅਗਸਤ 2026 : ਨਕੋਦਰ (Nakodar) `ਚ ਦਿਨ-ਦਿਹਾੜੇ ਬੇਖੌਫ਼ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਨਵੀਂ ਦਾਣਾ ਮੰਡੀ ਨੇੜੇ ਗੰਨ ਪੁਆਇੰਟ (Gunpoint) `ਤੇ ਮਹਿਲਾ ਡਾਕਟਰ ਤੋਂ ਸੋਨੇ ਦੇ ਗਹਿਣੇ ਲੁੱਟ ਲਏ ।
ਕਿਵੇਂ ਵਾਪਰਿਆ ਘਟਨਾਕ੍ਰਮ
ਜਾਣਕਾਰੀ ਅਨੁਸਾਰ ਜਲੰਧਰ ਦੇ ਇਕ ਨਿੱਜੀ ਹਸਪਤਾਲ `ਚ ਤਾਇਨਾਤ ਮਹਿਲਾ ਡਾਕਟਰ (Female doctor) ਸੁਸ਼ਮਿਤਾ, ਡਿਊਟੀ ਉਪਰੰਤ ਆਪਣੇ ਸਹੁਰੇ ਜੋਨਸ ਮਸੀਹ ਵਾਸੀ ਪਿੰਡ ਗਾਂਧਰਾ ਨਾਲ ਐਕਟਿਵਾ `ਤੇ ਨਕੋਦਰ ਤੋਂ ਆਪਣੇ ਪਿੰਡ ਵੱਲ ਜਾ ਰਹੀ ਸੀ । ਕਰੀਬ ਸਵਾ ਚਾਰ ਵਜੇ ਜਦੋਂ ਉਹ ਨਵੀਂ ਦਾਣਾ ਮੰਡੀ ਨੇੜੇ ਪਹੁੰਚੇ ਤਾਂ ਪਿੱਛੋਂ ਮੋਟਰਸਾਈਕਲ `ਤੇ ਆਏ ਦੋ ਲੁਟੇਰਿਆਂ (Robbers) ਨੇ ਉਨ੍ਹਾਂ ਨੂੰ ਪਿਸਤੌਲ ਦੀ ਨੋਕ `ਤੇ ਰੁਕਣ ਦਾ ਇਸ਼ਾਰਾ ਕੀਤਾ । ਜਦੋਂ ਉਨ੍ਹਾਂ ਨੇ ਆਪਣੀ ਐਕਟਿਵਾ ਰੋਕ ਲਈ ਤਾਂ ਲੁਟੇਰਿਆਂ ਨੇ ਕਥਿਤ ਤੌਰ `ਤੇ ਇਕ ਫਾਇਰ ਕਰ ਦਿੱਤਾ ਤੇ ਮਹਿਲਾ ਡਾਕਟਰ ਤੋਂ ਸੋਨੇ ਦੀ ਚੇਨ, ਵਾਲੀਆਂ ਤੇ ਇਕ ਸੋਨੇ ਦੀ ਮੁੰਦਰੀ ਖੋਹ ਕੇ ਫਰਾਰ ਹੋ ਗਏ ।
ਘਟਨਾ ਦਾ ਸਿ਼ਕਾਰ ਮਹਿਲਾ ਨੇ ਤੁਰੰਤ ਦਿੱਤੀ ਪੁਲਸ ਹੈਲਪਲਾਈਨ ਤੇ ਸੂਚਨਾ
ਪੀੜਤ ਮਹਿਲਾ ਡਾਕਟਰ ਵੱਲੋਂ ਤੁਰੰਤ ਘਟਨਾ ਦੀ ਸੂਚਨਾ ਪੁਲਸ ਹੈਲਪਲਾਈਨ 112 `ਤੇ ਦਿੱਤੀ ਗਈ । ਸੂਚਨਾ ਮਿਲਦੇ ਸਾਰ ਹੀ ਸਿਟੀ ਪੁਲਸ (City Police) ਦੀ ਟੀਮ ਮੌਕੇ `ਤੇ ਪਹੁੰਚੀ ਅਤੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ । ਦੱਸਣਯੋਗ ਹੈ ਕਿ ਲੁਟੇਰਿਆਂ ਨੇ ਵਾਰਦਾਤ ਦੌਰਾਨ ਕਥਿਤ ਤੌਰ `ਤੇ ਇਕ ਫਾਇਰ ਵੀ ਕੀਤਾ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ।
